ਨਰਿੰਦਰ ਸਿੰਘ
ਭਿੱਖੀਵਿੰਡ, 21 ਅਕਤੂਬਰ
ਗੁਰਦੁਆਰਾ ਖਾਲਸਾ ਦਰਬਾਰ ਵਿਖੇ ਦਮਦਮੀ ਟਕਸਾਲ ਦੇ 13 ਮੁਖੀ ਸੰਤ ਕਰਤਾਰ ਸਿੰਘ ਖਾਲਸਾ 89ਵੇਂ ਜਨਮ ਦਿਹਾੜੇ ਸਬੰਧੀ ਅੱਜ ਪਿੰਡ ਭੂਰਾ ਕੋਹਨਾ ਵਿਖੇ ਧਾਰਮਿਕ ਸਮਾਗਮ ਭਾਈ ਮਨਜੀਤ ਸਿੰਘ ਮੈਂਬਰ ਐੱਸਜੀਪੀਸੀ ਵਲੋਂ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ, ਜਿਸ ਵਿਚ ਕਵੀਸ਼ਰ,ਢਾਡੀ ਜਥਿਆਂ ਨੇ ਗੁਰੂ ਇਤਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਸੰਤ ਕਰਤਾਰ ਸਿੰਘ ਜੀ ਖਾਲਸਾ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਥੇ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕਰਦੇ ਹੋਏ ਦਿੱਲੀ ਦੇ ਰਾਮਲੀਲਾ ਮੈਦਾਨ ਤੱਕ 37 ਸਿੱਖੀ ਮਾਰਚ ਕੱਢੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸਾਨੂੰ ਸੰਤ ਕਰਤਾਰ ਸਿੰਘ ਖਾਲਸਾ ਦੇ ਪਾਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ। ਸਿੱਖੀ ਨਾਲ ਜੁੜਣਾ ਚਾਹੀਦਾ ਹੈ ਕਿਉਂਕਿ ਸੰਤ ਕਰਤਾਰ ਸਿੰਘ ਨੇ ਰਾਜਨੀਤਕ ਅਤੇ ਧਾਰਮਿਕ ਤੌਰ ’ਤੇ ਕੌਮ ਨੂੰ ਜਾਗਰੂਕ ਕੀਤਾ ਅਤੇ ਸਿੱਖੀ ਸਿਧਾਤਾਂ ਲਈ ਅੱਗੇ ਹੋ ਕੇ ਲੜੇ। ਉਨ੍ਹਾਂ ਕਿਹਾ ਅੱਜ ਸਰਕਾਰਾਂ ਸਿੱਖੀ ਨੂੰ ਢਾਅ ਲਾ ਰਹੀਆਂ ਹਨ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਆਜ਼ਾਦੀ ਅਤੇ ਆਜ਼ਾਦੀ ਤੋਂ ਸਿੱਖਾਂ ਨੇ ਦੇਸ਼ ਲਈ ਬਹੁਤ ਕੁਰਬਾਨੀਆਂ ਕੀਤੀ। ਪਰ ਉਨ੍ਹਾਂ ਕੁਰਬਾਨੀਆਂ ਦਾ ਸਮੇਂ ਦੀਆਂ ਸਰਕਾਰਾਂ ਨੇ ਕੋਈ ਮੁੱਲ ਨਹੀਂ ਪਾਇਆ ਅੱਜ ਸਾਡੇ ਗ੍ਰੰਥ ਵੀ ਸੁਰੱਖਿਅਤ ਨਹੀਂ ਅਤੇ ਬੇਅਬਦੀਆਂ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ,ਭਾਈ ਮਨਜੀਤ ਸਿੰਘ ਮੈਂਬਰ ਐੱਸਜੀਪੀਸੀ ਦਮਦਮੀ ਟਕਸਾਲ ਦੇ ਭਾਈ ਰਾਮ ਸਿੰਘ ਅਤੇ ਹੋਰ ਕਈ ਪੰਥਕ ਆਗੂ ਸਟੇਜ ’ਤੇ ਹਾਜ਼ਰ ਰਹੇ।