ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਨਵੰਬਰ
ਨੇੜਲੇ ਪਿੰਡ ਭੁਟਾਲ ਕਲਾਂ ਦੇ ਖਰੀਦ ਕੇਂਦਰ ਵਿੱਚ ਜੀਰੀ ਦੀ ਰਾਖੀ ਕਰਦਿਆਂ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਪੰਜਾਬ ਹੋਮ ਗਾਰਡਜ਼ ਦਾ ਰਿਟਾਇਰਡ ਮੁਲਾਜ਼ਮ ਸੀ ਜਿਸ ਦੀ ਪਛਾਣ ਨਛੱਤਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖੰਡੇਬਾਦ ਵਜੋਂ ਹੋਈ ਹੈ। ਉਹ ਇਕ ਏਕੜ ਤੋਂ ਵੀ ਘੱਟ ਜ਼ਮੀਨ ਦਾ ਮਾਲਕ ਸੀ। ਉਸ ਨੇ ਆਪਣੀ ਜੀਰੀ ਨੇੜਲੇ ਖਰੀਦ ਕੇਂਦਰ ਭੁਟਾਲ ਕਲਾਂ ਵਿੱਚ ਵੇਚਣ ਲਈ ਲਿਆਂਦੀ ਸੀ। ਇਸੇ ਦੌਰਾਨ ਜੀਰੀ ਦੀ ਰਾਖੀ ਕਰਦਿਆਂ ਬੀਤੀ ਰਾਤ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।
ਪਿੰਡ ਖੰਡੇਬਾਦ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ ਨੂੰ ਨਛੱਤਰ ਸਿੰਘ ਦੇ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਹਿਜ਼ ਇਕ ਕਿੱਲੇ ਤੋਂ ਵੀ ਘੱਟ ਜ਼ਮੀਨ ਦਾ ਮਾਲਕ ਸੀ। ਘੱਟ ਜ਼ਮੀਨ ਹੋਣ ਕਾਰਨ ਉਸ ਦਾ ਪਿਤਾ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ, ਸਕੱਤਰ ਹਰਦੀਪ ਸਿੰਘ ਢੀਂਡਸਾ, ਖ਼ਜ਼ਾਨਚੀ ਲਖਵਿੰਦਰ ਸਿੰਘ ਡੂਡੀਆ ਤੋਂ ਇਲਾਵਾ ਪਿੰਡ ਦੇ ਸਰਪੰਚ ਕਾਮਰੇਡ ਸਤਵੰਤ ਸਿੰਘ, ਬਲਜਿੰਦਰ ਸਿੰਘ ਸਾਬਕਾ ਪੰਚ ਅਤੇ ਹੋਰ ਪਤਵੰਤਿਆਂ ਨੇ ਸਰਕਾਰ ਨੂੰ ਕਿਸਾਨ ਪਰਿਵਾਰ ਦੀ ਆਰਥਿਕ ਮਦਦ ਕਰਨ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਕਿਸਾਨ ਦੀ ਇਸ ਬੇਵਕਤੀ ਮੌਤ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਆਰਥਿਕ ਤੰਗੀਆਂ ਕਾਰਨ ਪਹਿਲਾਂ ਹੀ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੁਰੇ ਹੋਏ ਹਨ ਅਤੇ ਝੋਨੇ ਦੀ ਰਾਖੀ ਵੇਲੇ ਕਿਸਾਨ ਦੀ ਹੋਈ ਮੌਤ ਮੰਦਭਾਗੀ ਹੈ।
ਇਲਾਕਾ ਵਾਸੀਆਂ ਤੇ ਪਿੰਡ ਦੇ ਵਸਨੀਕਾਂ ਵੱਲੋਂ ਕਿਸਾਨ ਦੇ ਪਰਿਵਾਰ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ ਤੇ ਸਰਕਾਰ ਨੂੰ ਆਰਥਿਕ ਮਦਦ ਲਈ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਪੀੜਤ ਪਰਿਵਾਰ ਦੀ ਮਦਦ ਹੋ ਸਕੇ।