ਮਨੋਜ ਸ਼ਰਮਾ
ਬਠਿੰਡਾ, 21 ਅਕਤੂਬਰ
ਦਿੱਲੀ’ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਇੱਕ ਵਰ੍ਹਾ ਬੀਤਣ ਵਾਲਾ ਹੈ ਕਿਸਾਨੀ ਅੰਦੌਲਨ ’ਚ 700 ਦੇ ਲਗਭਗਰ ਕਿਸਾਨ ਸ਼ਹੀਦ ਹੋ ਚੁੱਕੇ ਹਨ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਢੇਰੀ ਤੇ ਬੈਠੇ ਹਰ ਤੀਜੇ ਕਿਸਾਨ ਦੀ ਜੇਬ ਉਪਰ ਜਥੇਬੰਦੀਆਂ ਦੇ ਟੈਗ ਲੱਗੇ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਕਿਸਾਨਾਂ ਦੇ ਮੋਬਾਈਲਾਂ ’ਚ ਪੰਜਾਬ ਦੇ ਹੀ ਨਹੀਂ ਸਗੋਂ ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਦੇ ਕਿਸਾਨਾਂ ਦੇ ਨੰਬਰ ਸੇਵ ਹਨ। ਅੰਦੋਲਨ ਬਾਰੇ ਭਾਵੇਂ ਮੋਦੀ ਸਰਕਾਰ ਨੇ ਚੁੱਪੀ ਸਾਧੀ ਹੋਈ ਹੈ, ਪਰ ਪੰਜਾਬ ਦੇ ਕਿਸਾਨਾਂ ਦੀ ਗੁਆਂਢੀ ਸੂਬਿਆਂ ਨਾਲ ਨੇੜਤਾ ਜੋ ਦੇਸ਼ ਦੇ ਕਿਸਾਨਾਂ ਨੂੰ ਇੱਕ ਮਾਲਾ ’ਚ ਪਰੋੋਣ ਵਾਲੀ ਗੱਲ ’ਤੇ ਪਹਿਰਾ ਦਿੰਦੀ ਹੈ ਜਿਸ ਤੋਂ ਸਾਫ਼ ਹੈ ਕਿ ਕਿਸਾਨ ਏਕੇ ਅੱਗੇ ਕੇਂਦਰੀ ਹਕੂਮਤ ਨੂੰ ਗੋਡੇ ਟੇਕਣ ਲਈ ਮਜ਼ਬੂਰ ਹੋਣਾ ਹੀ ਪਵੇਗਾ। ਪੰਜਾਬੀ ਟ੍ਰਿਬਿਊਨ ਦੇ ਪ੍ਰਤੀਨਿਧ ਵੱਲੋਂ ਜਿਣਸ ਕੇਂਦਰ ’ਚ ਬੈਠੇ ਬਾਬਿਆਂ ਦੀਆਂ ਗੱਲਾਂ ਸੁਣੀਆਂ ਤਾਂ ਕਿਸਾਨਾਂ ਨੂੰ ਜਾਗਰੂਕ ਦੇਖਿਆ। ਮੰਡੀਆਂ ’ਚ ਬੈਠੇ ਕਿਸਾਨ ਨੂੰ ਜਿਥੇ ਜਿਣਸ ਵਿਕਣ ਦਾ ਝੋਰਾ ਵੱਢ ਵੱਢ ਖਾ ਰਿਹਾ ਹੈ, ਉਥੇ ਵਾਹੀਯੋਗ ਜ਼ਮੀਨਾਂ ਹੱਥੋਂ ਖ਼ਿਸਕਣ ਦਾ ਵੀ ਡਰ ਸਤਾ ਰਿਹਾ ਹੈ। ਮੰਡੀਆਂ ਅੰਦਰ ਫਿਰਕੂ ਤਾਕਤਾਂ ਬਾਰੇ ਤੇ ਭਾਈਚਾਰਕ ਸਾਂਝ ਵੀ ਦੇਖਣ ਨੂੰ ਮਿਲ ਰਹੀ ਹੈ। ਕਿਸਾਨ ਰਾਤ ਭਰ ਬਾਤਾਂ ਪਾਉਂਦੇ ਹਨ ਕਿ ਕਿਵੇਂ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ’ਤੇ ਤੁਲੀ ਹੋਈ ਹੈ। ਕਿਵੇਂ ਦੇਸ਼ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ, ਏਅਰ ਲਾਈਨ ਵੇਚ ਦਿੱਤੀ ਗਈ, ਪਬਲਿਕ ਅਦਾਰਿਆਂ ਦਾ ਨਿਜੀਕਰਣ ਕੀਤਾ ਜਾ ਰਿਹਾ ਹੈ। ਦੇਸ਼ ਭੁੱਖਮਰੀ ਦੇ ਮਾਮਲੇ ’ਚ ਗੁਆਂਢੀ ਮੁਲਕਾਂ ਨੂੰ ਪਛੜ ਗਿਆ, ਬੀਐੱਸਐੱਨਐੱਲ ਦੇ ਟਾਵਰ ਚਿੱਟਾ ਹਾਥੀ ਬਣ ਗਏ। ਕਿਸਾਨ ਕਿੰਨੇ ਹੀ ਸਵਾਲ ਜਵਾਬ ਕਰ ਰਹੇ ਹਨ। ਜਿਣਸ ਕੇਂਦਰਾਂ ਅੰਦਰ ਬੈਠੇ ਕਿਸਾਨ ਦਿੱਲੀ ਅੰਦੋਲਨ ਲਈ ਨੌਜਵਾਨ ਨੂੰ ਲਾਮਬੰਦ ਕਰਦੇ ਹਨ। ਗੱਲ ਸਿੰਘੂ ਦੀ ਹੋਵੇ ਜਾਂ ਟਿਕਰੀ ਬਾਰਡਰ ਦੀ, ਕਿਸਾਨਾਂ ਨੂੰ ਹੁਣ ਸਭ ਪਤਾ ਹੈ ਕਿ ਕਿੱਥੇ ਉਤਰਨਾਂ ਹੈ ਤੇ ਬਠਿੰਡਾ ਜੰਕਸ਼ਨ ਤੋਂ ਕਿਹੜੀ ਗੱਡੀ ਫੜਨੀ ਹੈ। ਪੰਜਾਬ ਦੇ ਜਿਣਸ ਕੇਂਦਰਾਂ ਅੰਦਰ ਮੋਟਰਸਾਈਕਲਾਂ ਤੋਂ ਲੈ ਕੇ ਟਰੈਕਟਰਾਂ ’ਤੇ ਕਿਸਾਨੀ ਝੰਡੇ ਲਹਿਰਾ ਰਹੇ ਹਨ।
ਕੈਪਸ਼ਨ: ਬਠਿੰਡਾ ਦੇ ਜਿਣਸ ਕੇਂਦਰ ’ਚ ਅੰਦੋਲਨ ਬਾਰੇ ਗੱਲਾਂ ਕਰਦੇ ਹੋਏ ਕਿਸਾਨ।- ਫੋਟੋ: ਪੰਜਾਬੀ ਟ੍ਰਿਬਿਊਨ