ਪੱਤਰ ਪ੍ਰੇਰਕ
ਪਟਿਆਲਾ, 3 ਨਵੰਬਰ
ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਕਲਾਕ੍ਰਿਤੀ ਪਟਿਆਲਾ ਦੇ ਸਹਿਯੋਗ ਨਾਲ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿੱਚ 10 ਰੋਜ਼ਾ ਸਵ. ਪ੍ਰੀਤਮ ਸਿੰਘ ਓਬਰਾਏ ਕੌਮੀ ਨਾਟਕ ਮੇਲੇ ਦੌਰਾਨ ‘ਜਾਂਚ ਪੜਤਾਲ’ ਨਾਟਕ ਦਾ ਮੰਚਨ ਅਨੁਕ੍ਰਿਤੀ ਕਾਨਪੁਰ ਦੇ ਕਲਾਕਾਰਾਂ ਨੇ ਸਫ਼ਲਤਾ ਨਾਲ ਕੀਤਾ ਅਤੇ ਦਰਸ਼ਕਾਂ ’ਤੇ ਆਪਣੀ ਗਹਿਰੀ ਛਾਪ ਛੱਡੀ। ਪ੍ਰਸਿੱਧ ਰੂਸੀ ਲੇਖਕ ਨਿਕੋਲਈ ਵੈਸਲੀਵਿਚ ਗੋਗੋਲ ਦੇ ਪ੍ਰਸਿੱਧ ਨਾਟਕ ‘ਦਾ ਗਵਰਨਮੈਂਟ ਇੰਸਪੈਕਟਰ’ ’ਤੇ ਆਧਾਰਿਤ ਅਤੇ ਸੰਜੇ ਸਹਾਇ ਵੱਲੋਂ ਹਿੰਦੀ ਵਿੱਚ ਰੂਪਾਂਤਰਿਤ ਇਸ ਨਾਟਕ ਦਾ ਨਿਰਦੇਸ਼ਨ ਕ੍ਰਿਸ਼ਨ ਸਕਸੈਨਾ ਨੇ ਕੀਤਾ।
ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੁੰਦਿਆਂ ਮਨਜੀਤ ਸਿੰਘ ਨਾਰੰਗ, ਚੇਅਰਮੈਨ ਕਲਾਕ੍ਰਿਤੀ ਪਟਿਆਲਾ, ਗੁਰਪਾਲ ਸਿੰਘ ਚਹਿਲ ਅਤੇ ਸਹਿਜਦੀਪ ਸਿੰਘ ਨੇ ਨਾਟਕ ਦੇ ਕਲਾਕਾਰਾਂ ਦੀ ਅਦਾਕਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਕਲਾਕਾਰ ਨੇ ਸਰਕਾਰੀ ਤੰਤਰ ਵਿੱਚ ਵਧ ਰਹੇ ਭ੍ਰਿਸ਼ਟਾਚਾਰ ’ਤੇ ਵਿਅੰਗ ਕੀਤਾ।