ਬ੍ਰੱਸਲਜ਼, 20 ਮਾਰਚ
ਦੱਖਣੀ ਬੈਲਜੀਅਮ ਦੇ ਇੱਕ ਛੋਟੇ ਜਿਹੇ ਸ਼ਹਿਰ ’ਚ ਅੱਜ ਤੜਕੇ ਕਾਰਨੀਵਾਲ ਦੇਖਣ ਆਏ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ’ਚ ਲੈ ਲਿਆ। ਇਸ ਘਟਨਾ ’ਚ ਛੇ ਜਣਿਆਂ ਦੀ ਮੌਤ ਹੋ ਗਈ ਜਦਕਿ 10 ਤੋਂ ਵੱਧ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਸ ਘਟਨਾ ਪਿੱਛੇ ਕਿਸੇ ਕਿਸਮ ਦੀ ਸ਼ੱਕੀ ਅਤਿਵਾਦੀ ਗਤੀਵਿਧੀ ਹੋਣ ਬਾਰੇ ਕੋਈ ਸਬੂਤ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਦੋ ਸਾਲ ਬਾਅਦ ਕਰੋਨਾ ਪਾਬੰਦੀਆਂ ਤੋਂ ਖੁੱਲ੍ਹ ਮਿਲਣ ਮਗਰੋਂ ਹਿੱਥੇ 50 ਕਿਲੋਮੀਟਰ ਦੂਰ ਬ੍ਰੱਸਲਜ਼ ਦੇ ਦੱਖਣ ’ਚ ਸਟੈਪੀ ਬਰੈਕਿਊਗਨੀਸ ’ਚ ਕਾਰਨੀਵਲ ਕਰਵਾਇਆ ਜਾ ਰਿਹਾ ਸੀ ਜਿੱਥੇ 150 ਦੇ ਕਰੀਬ ਲੋਕ ਇਕੱਠੇ ਹੋਏ ਸਨ। ਸ਼ਹਿਰ ਦੇ ਮੇਅਰ ਜੈਕਸ ਗੌਬਰਟ ਨੇ ਦੱਸਿਆ ਕਿ ਇੱਕ ਤੇਜ਼ ਰਫ਼ਤਾਰ ਕਾਰ ਆਈ ਜਿਸ ਨੇ ਕਈ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਗਿਆ। ਉਨ੍ਹਾਂ ਕਿਹਾ ਕਿ ਕਾਰ ਦੇ ਚਾਲਕ ਤੇ ਉਸ ਨਾਲ ਕਾਰ ’ਚ ਸਵਾਰ ਦੂਜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਪੁਲੀਸ ਵੱਲੋਂ ਪਿੱਛਾ ਕੀਤੇ ਜਾਣ ਕਾਰਨ ਕਾਰ ਦੀ ਲਪੇਟ ’ਚ ਜ਼ਿਆਦਾ ਵਿਅਕਤੀ ਆਏ ਹਨ। -ਏਪੀ