ਜੰਗ ਬਨਾਮ ਵਿਦਿਆਰਥੀ
29 ਅਕਤੂਬਰ ਨੂੰ ਸੰਪਾਦਕੀ ‘ਵਿਦਿਆਰਥੀਆਂ ਦਾ ਭਵਿੱਖ’ ਪੜ੍ਹਨ ਦਾ ਮੌਕਾ ਮਿਲਿਆ। ਰੂਸ ਯੂਕਰੇਨ ਜੰਗ ਕਾਰਨ ਯੂਕਰੇਨ ਦੇ ਵਿੱਦਿਅਕ ਅਦਾਰਿਆਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਉੱਤੇ ਬੁਰਾ ਅਸਰ ਪੈ ਰਿਹਾ ਹੈ। ਸਰਕਾਰਾਂ ਨੂੰ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕਰਨਾ ਚਾਹੀਦਾ ਹੈ। ਬੱਚਿਆਂ ਦੇ ਮਾਪਿਆਂ ਦੁਆਰਾ ਉਨ੍ਹ੍ਵਾਂ ਦੇ ਭਵਿੱਖ ਲਈ ਕੀਤੇ ਯਤਨ ਵਿਅਰਥ ਨਹੀਂ ਜਾਣੇ ਚਾਹੀਦੇ।
ਹਰਮਨਜੋਤ ਕੌਰ, ਬਾਪਲਾ (ਮਾਲੇਰਕੋਟਲਾ)
ਟੌਲ ਪਲਾਜ਼ਿਆਂ ਦਾ ਮਸਲਾ
3 ਨਵੰਬਰ ਨੂੰ ਪਟਿਆਲਾ/ਸੰਗਰੂਰ ਪੰਨੇ ’ਤੇ ਟੌਲ ਪਲਾਜ਼ਾ ਦੀ ਮਿਆਦ ਵਧਾਉਣ ਖ਼ਿਲਾਫ਼ ਧਰਨਾ ਲਾਉਣ ਦੀ ਖ਼ਬਰ ਸੀ। ਮਹੀਨਾ ਕੁ ਪਹਿਲਾਂ ਸੰਗਰੂਰ ਰੋਡ ’ਤੇ ਟੌਲ ਪਲਾਜ਼ਾ ਚੁਕਾਉਣ ਸਮੇਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਮਿਆਦ ਪੁੱਗਣ ’ਤੇ ਪੰਜਾਬ ਦੇ ਬਾਕੀ ਸਾਰੇ ਟੌਲ ਪਲਾਜ਼ੇ ਵੀ ਚੁਕਵਾ ਦਿੱਤੇ ਜਾਣਗੇ। ਸਮਾਣਾ-ਪਟਿਆਲਾ ਰੋਡ ’ਤੇ ਟੌਲ ਪਲਾਜ਼ੇ ਦੀ ਮਿਆਦ ਵਧਾਉਣੀ ਲੋਕਾਂ ਨਾਲ ਧੋਖਾ ਕਰਨ ਵਾਲੀ ਗੱਲ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਗੁਮਰਾਹ ਕੀਤਾ
3 ਨਵੰਬਰ ਨੂੰ ਪੰਨਾ ਦੋ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਖ਼ਬਰ ਪੜ੍ਹੀ ਜਿਸ ਵਿਚ 1984 ਦੇ ਪੀੜਤਾਂ ਦਾ ਜ਼ਿਕਰ ਹੈ। ਅਕਾਲੀ ਆਗੂ ਇਸ ਮਸਲੇ ’ਤੇ ਲੋਕਾਂ ਨੂੰ ਕਥਿਤ ਤੌਰ ’ਤੇ ਗੁਮਰਾਹ ਕਰਦੇ ਰਹੇ ਹਨ। 1984 ਵਿਚ ਮੈਂ ਪਟਨਾ (ਬਿਹਾਰ) ਵਿਚ ਸਾਂ। ਉਦੋਂ ਚਾਰ ਦਿਨ ਆਪਣੀ ਪਤਨੀ ਅਤੇ ਇਕ ਸਾਲ ਦੇ ਬੱਚੇ ਨਾਲ ਲੁਕ ਕੇ ਕੱਢੇ। ਪਤਾ ਕੀਤਾ ਤਾਂ ਪਤਾ ਲੱਗਿਆ ਕਿ ਸ਼੍ਰੋਮਣੀ ਕਮੇਟੀ ਪੀੜਤਾਂ ਦੇ ਬੱਚਿਆਂ ਲਈ ਕੁਝ ਨਹੀਂ ਕਰ ਰਹੀ, ਬਸ ਬਿਆਨ ਹੀ ਆ ਰਹੇ ਹਨ। ਮਗਰੋਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਤੇ ਇੰਜਨੀਅਰਿੰਗ ਕਾਲਜਾਂ ਵਿਚ ਇਕ ਫ਼ੀਸਦੀ ਸੀਟਾਂ ਰਾਖਵੀਆਂ ਰੱਖੀਆਂ ਹਨ। ਹੁਣ ਜਦੋਂ ਲੋਕਾਂ ਨੂੰ ਇਨ੍ਹਾਂ ਆਗੂਆਂ ਦੀ ਹਕੀਕਤ ਪਤਾ ਲੱਗ ਗਈ ਹੈ ਤਾਂ ਤੜਫ਼ ਰਹੇ ਹਨ। ਹੁਣ ਅਕਾਲੀਆਂ ਨੂੰ ਸ਼ਾਇਦ ਪਹਿਲਾਂ ਵਾਲਾ ਮਾਣ-ਸਤਿਕਾਰ ਨਾ ਮਿਲੇ। ਇਨ੍ਹਾਂ ਦਾ ਹਾਲ ਵੀ ਕਾਂਗਰਸ ਆਗੂਆਂ ਵਾਲਾ ਹੀ ਹੋਣਾ ਹੈ।
ਬਲਦੇਵ ਸਿੰਘ, ਕਪੂਰਥਲਾ
ਰਿਸ਼ੀ ਸੂਨਕ ਦੀਆਂ ਤਰਜੀਹਾਂ
ਦੋ ਨਵੰਬਰ ਦੇ ਅੰਕ ਵਿਚ ਰਾਜੇਸ਼ ਰਾਮਚੰਦਰਨ ਨੇ ਆਪਣੇ ਲੇਖ ‘ਰਿਸ਼ੀ ਸੂਨਕ ਕਿਨ੍ਹਾਂ ਦਾ ਹਮਦਰਦ’ ਵਿਚ ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਸੰਭਾਵੀ ਰਵੱਈਏ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਸਾਨੂੰ ਆਸਾਨੀ ਨਾਲ ਸਮਝ ਆ ਜਾਣਾ ਚਾਹੀਦਾ ਹੈ ਕਿ ਉਸ ਦੀ ਸਫ਼ਲਤਾ ਉਸ ਦਾ ਸਿਆਸੀ ਕੱਦ ਕੌਮਾਂਤਰੀ ਪੱਧਰ ’ਤੇ ਉੱਚਾ ਕਰੇਗੀ ਅਤੇ ਭਵਿੱਖ ਵਿਚ ਬਰਤਾਨਵੀ ਪਰਵਾਸੀਆਂ ਲਈ ਉੱਚੇ ਅਹੁਦਿਆਂ ਦੇ ਪ੍ਰਵੇਸ਼ ਦੁਆਰ ਵੀ ਹੋਏਗੀ।
ਅਮਰਜੀਤ ਸਿੰਘ, ਪਿੰਡ ਸਿਹੌੜਾ (ਲੁਧਿਆਣਾ)
ਮੈਚ ਦੇ ਬਹਾਨੇ
2 ਨਵੰਬਰ ਵਾਲੇ ਮਿਡਲ ‘ਮੈਚ ਦੇ ਬਹਾਨੇ’ ਵਿਚ ਜਗਦੀਪ ਸਿੱਧੂ ਨੇ ਸੱਚਮੁੱਚ ਮੈਚ ਦੇ ਬਹਾਨੇ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਹਨ। ਇਸ ਵਾਰਤਕ ਵਿਚ ਕਵਿਤਾ ਵਰਗਾ ਰਸ ਹੈ। ਨਿੱਕੇ ਨਿੱਕੇ ਵਾਕ ਵੱਡੀਆਂ ਵੱਡੀਆਂ ਗੱਲਾਂ ਨਾਲ ਭਰੇ ਪਏ ਹਨ। ਲੇਖ ਵਿਚ ਹਕੀਕਤਾਂ ਝਾਤੀ ਮਾਰਦੀਆਂ ਹਨ ਅਤੇ ਇਹ ਹਕੀਕਤਾਂ ਸਾਡੀ ਜਿ਼ੰਦਗੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ।
ਰੇਸ਼ਮ ਸਿੰਘ ਚੱਠਾ, ਬਠਿੰਡਾ
ਕੱਟੜਤਾ ਦੀ ਜਕੜ
ਸਾਂਵਲ ਧਾਮੀ ਦਾ ਕਾਲਮ ‘ਵੰਡ ਦੇ ਦੁੱਖੜੇ’ ਪ੍ਰਭਾਵਿਤ ਕਰਦਾ ਹੈ। 29 ਅਕਤੂਬਰ ਦੇ ਕਾਲਮ ਵਾਲਾ ਲੇਖ ‘ਸ਼ਾਇਦ ਮੈਂ ਹੀ ਹੋਵਾਂ’ ਪੜ੍ਹ ਕੇ ਮਹਿਸੂਸ ਹੋਇਆ ਕਿ ਅਸੀਂ ਅਕਸਰ ਇੰਨੀ ਕੱਟੜਤਾ ਦਿਖਾਉਂਦੇ ਹਾਂ ਕਿ ਆਪਣਿਆਂ ਨੂੰ ਵੀ ਬਿਗਾਨੇ ਕਰ ਲੈਂਦੇ ਹਾਂ। ਜੇ ਨੂਰ ਮੁਹੰਮਦ ਨੂੰ ਆਪਣਾ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਕੋਈ ਚਾਰਾਜੋਈ ਕਰਦਾ। ਅੱਜ ਵੀ ਸਾਡੇ ਸਮਾਜ ਦਾ ਵੱਡਾ ਹਿੱਸਾ ਧਾਰਮਿਕ ਅਤੇ ਜਾਤੀ ਕੱਟੜਤਾ ਦੀ ਜਕੜ ਵਿਚ ਹੈ। ਜਿੰਨੀ ਜਲਦੀ ਅਸੀਂ ਇਸ ਕੱਟੜਤਾ ਨੂੰ ਛੱਡਾਂਗੇ, ਓਨਾ ਹੀ ਠੀਕ ਰਹੇਗਾ।
ਦਰਸ਼ਨ ਸਿੰਘ ਬਾਜਵਾ, ਸ਼ੇਰਪੁਰ (ਸੰਗਰੂਰ)
ਮੋਬਾਈਲ ਫੋਨ
28 ਅਕਤੂਬਰ ਨੂੰ ਨਜ਼ਰੀਆ ਪੰਨੇ ਉਤੇ ਕੁਲਵਿੰਦਰ ਸਿੰਘ ਦੂਹੇਵਾਲਾ ਦਾ ਲੇਖ ‘ਮੋਬਾਈਲ ਦੇ ਆਦੀ ਹੋਣ ਤੋਂ ਕਿਵੇਂ ਬਚੀਏ?’ ਵਿਚ ਲੇਖਕ ਨੇ ਮੋਬਾਈਲ ਫੋਨ ਦੀ ਗੁਲਾਮੀ ਤੋਂ ਆਜ਼ਾਦੀ ਪਾਉਣ ਅਤੇ ਹੌਲੀ ਹੌਲੀ ਮੋਬਾਈਲ ਦੀ ਆਦਤ ਨੂੰ ਛੱਡਣ ਬਾਰੇ ਸੁਚੱਜੀ ਜਾਣਕਾਰੀ ਦਿੱਤੀ ਹੈ। ਇਹ ਨੁਸਖਾ ਖ਼ਾਸਕਰ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗਾ।
ਗੁਰਨਾਮ ਸਿੰਘ, ਸ੍ਰੀ ਮੁਕਤਸਰ ਸਾਹਿਬ
(2)
ਕੁਲਵਿੰਦਰ ਸਿੰਘ ਦੂਹੇਵਾਲਾ ਦਾ ਲੇਖ ‘ਮੋਬਾਈਨ ਦੇ ਆਦੀ ਹੋਣ ਤੋਂ ਕਿਵੇਂ ਬਚੀਏ’? (28 ਅਕਤੂਬਰ) ਪੜ੍ਹਿਆ। ਸਿਰਜਣਾਤਮਕ ਕੰਮਾਂ ਵਿਚ ਰੁੱਝੇ ਰਹਿਣ ਨਾਲ ਮੋਬਾਈਲ ਦੀ ਆਦਤ ਤੋਂ ਬਚਿਆ ਜਾ ਸਕਦਾ ਹੈ। ਰੁਝੇਵਿਆਂ ਲਈ ਪਰਿਵਾਰਾਂ ਵਿਚ ਯੋਗ ਕਰਨ ਅਤੇ ਸੈਰ ਦੀ ਆਦਤ ਹੋਣੀ ਚਾਹੀਦੀ ਹੈ। ਘਰ ਵਿਚ ਗਮਲਿਆਂ ਵਿਚ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਰਚਨਾਕਾਰ ਨੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਉਤਸ਼ਾਹਿਤ ਕੀਤਾ ਹੈ। ਬੱਚਿਆਂ ਨਾਲ ਕਵਿਤਾ, ਗੀਤ ਅਤੇ ਚਿੱਤਰਕਾਰੀ ਵੀ ਕੀਤੀ ਜਾ ਸਕਦੀ ਹੈ। ਘਰ ਵਿਚ ਇਕ ਦੂਸਰੇ ਨਾਲ ਕੁਝ ਖੇਡਾਂ ਵੀ ਖੇਡੀਆਂ ਜਾ ਸਕਦੀਆਂ ਹਨ।
ਸੰਤ ਸਿੰਘ, ਧੂਰੀ (ਸੰਗਰੂਰ)
ਇੰਟਰਨੈੱਟ ਵਾਲੀਆਂ ਰਚਨਾਵਾਂ
ਕੁਝ ਰਚਨਾਵਾਂ ਸਿਰਫ਼ ਇੰਟਰਨੈੱਟ ਐਡੀਸ਼ਨ ਵਿਚ ਛਪਦੀਆਂ ਹਨ। ਇੰਟਰਨੈੱਟ ਐਡੀਸ਼ਨ ਵਿਚ ਛਪੀਆਂ ਰਚਨਾਵਾਂ ਉਹੀ ਪਾਠਕ ਪੜ੍ਹ ਸਕਦੇ ਹਨ ਜੋ ਇੰਟਰਨੈੱਟ ਵਰਤਣਾ ਜਾਣਦੇ ਹਨ। ਅਖ਼ਬਾਰ ਦੇ ਜਿਹੜੇ ਪਾਠਕ ਇੰਟਰਨੈੱਟ ਵਰਤਣਾ ਨਹੀਂ ਜਾਣਦੇ, ਉਹ ਇਨ੍ਹਾਂ ਰਚਨਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਸ਼ਮਸ਼ੇਰ ਸਿੰਘ, ਪਟਿਆਲਾ
ਸਬਰ ਦਾ ਫ਼ਲ
3 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਵਿਜੈ ਕੁਮਾਰ ਦਾ ਲੇਖ ‘ਸਬਰ’ ਪੜ੍ਹਿਆ। ਕਹਾਵਤ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਦੌਲਤ ਰਾਮ ਉਰਫ਼ ਦੌਲਾ ਨਾਲ ਉਸ ਦੇ ਭਰਾਵਾਂ ਨੇ ਵਧੀਕੀ ਕੀਤੀ ਪਰ ਉਹ ਆਪਣੀ ਧੁਨ ਵਿਚ ਚਲਦਾ ਰਿਹਾ ਅਤੇ ਆਖ਼ਿਰਕਾਰ ਸਾਬਿਤ ਹੋ ਗਿਆ ਕਿ ਸਬਰ ਦਾ ਫਲ ਮਿੱਠਾ ਹੀ ਹੁੰਦਾ ਹੈ। ਲਾਲਚ ਨਾਲ ਬੰਦਾ ਉਚੀ ਉਡਾਣ ਭਰ ਨਹੀਂ ਸਕਦਾ।
ਕੁਲਵਿੰਦਰ ਕੌਰ, ਚੰਡੀਗੜ੍ਹ