ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 3 ਨਵੰਬਰ
ਇਥੋਂ ਦੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਯੂਪੀ ਦੇ ਪਲੀਆ ਤੋਂ ਪੰਜਾਬ ਵਿੱਚ ਗੈਰਕਾਨੂੰਨੀ ਢੰਗ ਨਾਲ ਵੇਚਣ ਲਈ ਲਿਆਂਦਾ ਝੋਨੇ ਦਾ ਭਰਿਆ ਟਰਾਲਾ ਕਾਬੂ ਕੀਤਾ ਹੈ। ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਟਰਾਲਾ ਨੇੜਲੇ ਪਿੰਡ ਰੋਸ਼ਨਵਾਲਾ ਦੇ ਕੱਟ ’ਤੇ ਖੜ੍ਹਾ ਸੀ, ਜਦੋਂ ਟਰਾਲੇ ਦੇ ਡਰਾਇਵਰ ਤੋਂ ਭਾੜੇ ਦੀ ਬਿਲਟੀ ਮੰਗੀ ਗਈ ਤਾਂ ਉਸ ਨੇ ਕਿਹਾ ਕਿ ਉਹ ਤਾਂ ਵਪਾਰੀ ਲੈ ਗਿਆ। ਇਸ ਦੌਰਾਨ ਸ਼ੱਕ ਦੇ ਅਧਾਰ ’ਤੇ ਟਰਾਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇੱਥੇ ਮਾਰਕੀਟ ਕਮੇਟੀ ਦਫ਼ਤਰ ਲਿਆਂਦਾ। ਉਨ੍ਹਾਂ ਦੱਸਿਆ ਕਿ ਬਾਹਰਲੇ ਸੂਬੇ ਤੋਂ ਕੋਈ ਵੀ ਵਪਾਰੀ ਜਾਂ ਕਿਸਾਨ ਪੰਜਾਬ ਵਿੱਚ ਝੋਨਾ ਨਹੀਂ ਵੇਚ ਸਕਦਾ। ਟਰਾਲੇ ਦੇ ਡਰਾਇਵਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 60 ਹਜ਼ਾਰ ਰੁਪਏ ਭਾੜੇ ਵਿੱਚ ਝੋਨਾ ਯੂਪੀ ਤੋਂ ਹਰਿਆਣਾ ਦੇ ਚੀਕਾ ਲਈ ਲਿਆਇਆ ਸੀ, ਜਦੋਂ ਉਹ ਚੀਕਾ ਪਹੁੰਚ ਗਿਆ ਤਾਂ ਵਪਾਰੀ ਨੇ ਕਿਹਾ ਕਿ 25 ਕਿਲੋਮੀਟਰ ’ਤੇ ਉਨ੍ਹਾਂ ਦੇ ਸ਼ੈਲਰ ਵਿੱਚ ਮਾਲ ਉਤਾਰਨਾ ਹੈ ਪਰ ਵਪਾਰੀ ਨੇ ਉਸ ਨੂੰ ਧੋਖੇ ਵਿੱਚ ਰੱਖਕੇ ਪਿੰਡਾਂ ਦੇ ਰਸਤੇ ਪੰਜਾਬ ਵਿੱਚ ਲਿਆਂਦਾ। ਮਾਰਕੀਟ ਕਮੇਟੀ ਨੇ ਟਰਾਲਾ ਪੁਲੀਸ ਦੇ ਹਵਾਲੇ ਕਰ ਦਿੱਤਾ।