ਪ੍ਰਭੂ ਦਿਆਲ
ਸਿਰਸਾ, 3 ਨਵੰਬਰ
ਇਥੋਂ ਦੇ ਨਾਗਰਿਕ ਹਸਪਤਾਲ ’ਚ ਜੇਰੇ ਇਲਾਜ ਬਿਰਧ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਹੀਂ ਹੋਈ ਤੇ ਉਸ ਦੀ ਉਮਰ ਕਰੀਬ 70 ਸਾਲ ਦੱਸੀ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੀਤੇ ਦਿਨੀਂ ਡੱਬਵਾਲੀ ਤੋਂ ਉਸ ਨੂੰ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਉਹ ਨੀਮ ਬੇਹੋਸ਼ ਸੀ, ਜਿਸ ਨੂੰ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਤੇ ਰਾਤ ਨੂੰ ਉਸ ਨੂੰ ਗੋਲੂਕੋਸ ਦੀ ਬੋਤਲ ਚੜ੍ਹਾਈ ਗਈ। ਅੱਜ ਸਵੇਰੇ ਜਦੋਂ ਹਸਪਤਾਲ ਦੇ ਸਟਾਫ ਨੇ ਉਸ ਨੂੰ ਸੰਭਾਲਿਆ ਤਾਂ ਉਹ ਹਸਪਤਾਲ ਦੇ ਕਮਰੇ ਵਿੱਚ ਲਟਕਾ ਹੋਇਆ ਮਿਲਿਆ। ਸੂਚਨਾ ਮਿਲਣ ’ਤੇ ਜੇਜੇ ਕਲੋਨੀ ਪੁਲੀਸ ਚੌਕੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਦੇਹ ਪਛਾਣ ਲਈ ਮੁਰਦਾਘਰ ਰਖਵਾ ਦਿੱਤੀ ਹੈ।