ਮੈਡਰਿਡ, 21 ਅਕਤੂਬਰ
ਸਪੈਨਿਸ਼ ਟਾਪੂ ਲਾ ਪਾਲਮਾ ਵਿੱਚ ਲੰਘੀ ਰਾਤ ਜਵਾਲਾਮੁਖੀ ਫਟਣ ਮਗਰੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਜਵਾਲਾਮੁਖੀ ’ਚੋਂ ਨਿਕਲਿਆ ਲਾਵਾ ਸਾਹਿਲੀ ਕਸਬੇ ਦੇ ਧੁਰ ਅੰਦਰ ਤੱਕ ਦਾਖ਼ਲ ਹੋ ਗਿਆ ਹੈ। ਤਾਜ਼ਾਕੋਰਟੇ ਦੇ ਮੇਅਰ ਜੁਆਂ ਮਿਗੁਇਲ ਰੌਡਰਿਗਜ਼ ਨੇ ਸਰਕਾਰੀ ਬਰਾਡਕਾਸਟਰ ਨੂੰ ਦੱਸਿਆ ਕਿ ਹੰਗਾਮੀ ਸੇਵਾਵਾਂ ਤਹਿਤ ਪੰਜ ਸੌ ਦੇ ਕਰੀਬ ਲੋਕਾਂ ਨੂੰ ਉਨ੍ਹਾਂ ਦੇ ਘਰਾਂ ’ਚੋਂ ਕੱਢ ਕੇ ਹੋਰ ਥਾਵਾਂ ’ਤੇ ਲਿਜਾਇਆ ਗਿਆ ਹੈ। ਪਿਛਲੇ ਇਕ ਮਹੀਨੇ ਤੋਂ ਹੌਲੀ ਹੌਲੀ ਕਰਕੇ ਧੁਖ ਰਹੇ ਇਸ ਜਵਾਲਾਮੁਖੀ ਕਰਕੇ ਹੁਣ ਤੱਕ 7500 ਦੇ ਕਰੀਬ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਹਿਜਰਤ ਕਰ ਚੁੱਕੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜਵਾਲਾਮੁਖੀ ਤਿੰਨ ਮਹੀਨਿਆਂ ਤੱਕ ਧੁਖਦਾ ਰਹੇਗਾ। ਅੱਗ ਉਗਲਦੇ ਲਾਵੇ ਨੇ ਹੁਣ ਤੱਕ 866 ਹੈਕਟੇਅਰ ਰਕਬੇ ਨੂੰ ਆਪਣੇ ਕਲਾਵੇ ’ਚ ਲੈ ਲਿਆ ਹੈ ਤੇ 2185 ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਕੌਮੀ ਭੂਗੋਲਿਕ ਸੰਸਥਾਨ ਨੇ ਅੱਧੀ ਰਾਤ ਤੋਂ ਹੁਣ ਤੱਕ ਭੂਚਾਲ ਦੇ 38 ਝਟਕੇ ਮਹਿਸੂਸ ਕੀਤੇ ਹਨ ਤੇ ਸਭ ਤੋਂ ਤਕੜੇ ਝਟਕੇ ਦੀ ਰਿਕਟਰ ਪੈਮਾਨੇ ’ਤੇ ਸ਼ਿੱਦਤ 4.3 ਮਾਪੀ ਗਈ ਸੀ। -ਏਪੀ