ਪ੍ਰਭੂ ਦਿਆਲ
ਸਿਰਸਾ, 21 ਅਕਤੂਬਰ
ਏਲਨਾਬਾਦ ਦੀ ਜ਼ਿਮਨੀ ਚੋਣ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ ਓਵੇਂ-ਓਵੇਂ ਨੇਤਾਵਾਂ ਵੱਲੋਂ ਇਕ-ਦੂਜੇ ’ਤੇ ਤੋਹਮਤਾਂ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮਸਲਿਆਂ ਦੀ ਬਜਾਏ ਸ਼ਰੀਕੇਬਾਜੀ ਭਾਰੂ ਹੈ। ਇਲਾਕੇ ’ਚ ਸੇਮ ਦੀ ਸਮੱਸਿਆ ਨੂੰ ਹਰ ਚੋਣ ਵੇਲੇ ਦੂਰ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਦਹਾਕਿਆਂ ਤੋਂ ਪਰਨਾਲਾ ਓਥੇ ਦਾ ਓਥੇ ਹੈ। ਸੇਮ ਦੀ ਸਮੱਸਿਆ ਤੋਂ ਦਰਜਨਾਂ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹਨ। ਇੰਡੀਅਨ ਨੈਸ਼ਨਲ ਲੋਕਦਲ ਵੱਲੋਂ ਅਭੈ ਸਿੰਘ ਚੌਟਾਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਅਭੈ ਸਿੰਘ ਚੌਟਾਲਾ ਨੇ ਖੇਤੀ ਕਾਨੂੰਨ ਰੱਦ ਨਾ ਹੋਣ ਦੇ ਰੋਸ ਵਜੋਂ ਆਪਣੀ ਵਿਧਾਇਕੀ ਤੋਂ ਅਸਤੀਫ਼ਾ ਦਿੱਤੀ ਸੀ ਪਰ ਹਾਲੇ ਖੇਤੀ ਕਾਨੂੰਨ ਰੱਦ ਨਹੀਂ ਹੋਏ ਤੇ ਉਹ ਮੁੜ ਤੋਂ ਚੋਣ ਮੈਦਾਨ ਵਿੱਚ ਹਨ। ਅਭੈ ਸਿੰਘ ਚੌਟਾਲਾ ਨੂੰ ਹਰਾਉਣ ਲਈ ਉਨ੍ਹਾਂ ਦੇ ਭਰਾ ਅਜੈ ਸਿੰਘ, ਜਿਥੇ ਮੈਦਾਨ ਵਿੱਚ ਡੱਟੇ ਹੋਏ ਹਨ, ਉਥੇ ਹੀ ਉਨ੍ਹਾਂ ਦੇ ਚਾਚਾ ਰਣਜੀਤ ਸਿੰਘ, ਜੋ ਇਸ ਵੇਲੇ ਸਰਕਾਰ ਵਿੱਚ ਬਿਜਲੀ ਮੰਤਰੀ ਹਨ, ਆਪਣੇ ਭਤੀਜੇ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ। ਇਸੇ ਤਰ੍ਹਾਂ ਅਜੈ ਚੌਟਾਲਾ ਦੇ ਪੁੱਤਰ ਦਿੱਗਵਿਜੈ ਸਿੰਘ ਵੀ ਆਪਣੇ ਚਾਚਾ ਖ਼ਿਲਾਫ਼ ਚੋਣ ਪ੍ਰਚਾਰ ਕਰ ਰਹੇ ਹਨ। ਅਜੈ ਸਿੰਘ ਚੌਟਾਲਾ ਜਜਪਾ ਦੇ ਸਰਪ੍ਰਸਤ ਹਨ ਤੇ ਉਨ੍ਹਾਂ ਦੇ ਪੁੱਤਰ ਦੁਸ਼ਿਅੰਤ ਹਰਿਆਣਾ ਦੇ ਉਪ ਮੁੱਖ ਮੰਤਰੀ ਹਨ, ਜਦੋਂਕਿ ਕਾਂਗਰਸ ਨੂੰ ਛੱਡ ਕੇ ਰਾਣੀਆਂ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਚੌਧਰੀ ਰਣਜੀਤ ਸਿੰਘ ਸਰਕਾਰ ’ਚ ਬਿਜਲੀ ਮੰਤਰੀ ਹਨ। ਏਲਨਾਬਾਦ ਹਲਕੇ ਤੋਂ ਅਭੈ ਸਿੰਘ ਚੌਟਾਲਾ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਹਨ ਤੇ ਹੁਣ ਚੌਥੀ ਵਾਰ ਉਹ ਮੈਦਾਨ ਵਿੱਚ ਹਨ। ਹੁਣ ਭਾਜਪਾ ਨੇ ਹਲੋਪਾ ਦੇ ਮੀਤ ਪ੍ਰਧਾਨ ਰਹੇ ਗੋਬਿੰਦ ਕਾਂਡਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਜਪਾ ਵੱਲੋਂ ਲੋਕਾਂ ਨਾਲ ਵਾਅਦਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਇਲਾਕੇ ਦੀ ਸਭ ਤੋਂ ਵੱਡੀ ਸੇਮ ਸਮੱਸਿਆ ਨੂੰ ਦੂਰ ਕਰਨਗੇ।