ਪੱਤਰ ਪ੍ਰੇਰਕ
ਘਨੌਲੀ, 2 ਨਵੰਬਰ
ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿੱਚ ਆਕਸੀਜਨ ਦਾ ਸਿਲੰਡਰ ਫਟਣ ਕਾਰਨ ਇੱਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਥਰਮਲ ਪਲਾਂਟ ਦੇ ਪਹਿਲੀ ਸਟੇਜ ਦੇ ਪੱਕੇ ਤੌਰ ’ਤੇ ਬੰਦ ਕੀਤੇ ਯੂਨਿਟਾਂ ਨੂੰ ਡਿਸਮੈਂਟਲ ਕਰਨ ਦੇ ਕੰਮ ਵਿੱਚ ਜੁਟੇ ਕੰਪਨੀ ਦੇ ਮਜ਼ਦੂਰ ਜਦੋਂ ਥਰਮਲ ਪਲਾਂਟ ਦੀ ਮਸ਼ੀਨਰੀ ਤੋੜ ਰਹੇ ਸਨ ਤਾਂ ਇਸ ਦੌਰਾਨ ਵੈਲਡਿੰਗ ਲਈ ਵਰਤਿਆ ਜਾਣ ਵਾਲਾ ਆਕਸੀਜਨ ਦਾ ਸਿਲੰਡਰ ਫਟ ਗਿਆ, ਜਿਸ ਕਰਕੇ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਵਿੱਚੋਂ ਮਨੋਜ ਕੁਮਾਰ (24) ਨਾਂ ਦਾ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ। ਮਨੋਜ ਨੂੰ ਰੂਪਨਗਰ ਦੇ ਸੁਰਜੀਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਰਮਲ ਪਲਾਂਟ ਰੂਪਨਗਰ ਦੇ ਡਿਪਟੀ ਚੀਫ ਇੰਜਨੀਅਰ ਮਕੈਨੀਕਲ ਮੇਨਟੀਨੈਂਸ-1 ਵਿਪਨ ਮਲਹੋਤਰਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀ ਮਜ਼ਦੂਰ ਦਾ ਇਲਾਜ ਕਰਵਾਇਆ ਜਾ ਰਿਹਾ ਹੈ।