ਪਰਸ਼ੋਤਮ ਬੱਲੀ
ਬਰਨਾਲਾ, 20 ਅਕਤੂਬਰ
ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸਥਾਨਕ ਰੇਲਵੇ ਸਟੇਸ਼ਨ ’ਤੇ ਸਾਂਝੇ ਧਰਨੇ ’ਚ ਅੱਜ ਬੁਲਾਰਿਆਂ ਸਰਕਾਰੀ ਸਾਜਿਸ਼ਾਂ ਵਿੱਚ ਆਈ ਤੇਜ਼ੀ ਅਤੇ ਕਿਸਾਨ ਅੰਦੋਲਨ ਬਾਰੇ ਸੁਪਰੀਮ ਕੋਰਟ ਦੀ ਆਗਾਮੀ ਸੁਣਵਾਈ ਦੇ ਮੱਦੇਨਜ਼ਰ ਦਿੱਲੀ ਮੋਰਚਿਆਂ ’ਚ ਇਕੱਠ ਵਧਾ ਕੇ ਹੋਰ ਮਜ਼ਬੂਤ ਕਰਨ ਤੇ ਕਿਸਾਨਾਂ ਨੂੰ ਵਹੀਰਾਂ ਘੱਤ ਕੇ ਦਿੱਲੀ ਮੋਰਚਿਆਂ ‘ਤੇ ਪਹੁੰਚਣ ਦਾ ਸੱਦਾ ਦਿੱਤਾ ਹੈ।
ਅਮਰਜੀਤ ਕੌਰ, ਨਰੈਣ ਦੱਤ, ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ ਆਦਿ ਆਗੂਆਂ ਨੇ ਕਿਹਾ, ‘ਪਿਛਲੇ ਦਿਨੀਂ ਸਿੰਘੂ ਬਾਰਡਰ ‘ਤੇ ਹੋਈ ਮੰਦਭਾਗੀ ਘਟਨਾ ਨੇ ਸਾਬਤ ਕਰ ਦਿੱਤਾ ਹੈ ਬੌਖਲਾਈ ਹੋਈ ਸਰਕਾਰ ਅੰਦੋਲਨ ਨੂੰ ਢਾਹ ਲਾਉਣ ਲਈ ਕਿਸੇ ਵੀ ਹੱਦ ਤੱਕ ਨਿੱਘਰ ਸਕਦੀ ਹੈ। ਸਰਕਾਰ ਨੇ ਸਿਆਸੀ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ। ਸਾਜਿਸ਼ਾਂ ਰਚਣ ਲਈ ਸਰਕਾਰ ਕੋਲ ਖੁਫ਼ੀਆ ਏਜੰਸੀਆਂ ਸਮੇਤ ਸਾਧਨਾਂ ਦੀ ਬਹੁਤ ਭਰਮਾਰ ਹੈ ਪਰ ਸਾਡਾ ਏਕਾ ਹੀ ਸਾਡੀ ਤਾਕਤ ਹੈ। ਇਸ ਏਕੇ ਨੂੰ ਮਜ਼ਬੂਤ ਕਰਨ ਲਈ ਇੱਕ ਵਾਰ ਫਿਰ ਦਿੱਲੀ ਚੱਲੋ।’ ਬੁਲਾਰਿਆਂ ਨੇ ਮਹਾਰਿਸ਼ੀ ਵਾਲਮੀਕ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਗੁਲਾਬੀ ਸੁੰਡੀ ਪੀੜਤ ਨਰਮਾ ਕਾਸ਼ਤਕਾਰਾਂ ਲਈ ਮੁਆਵਜ਼ੇ ਦੀ ਮੰਗ ਅਤੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਉਧਰ ਰਿਲਾਇੰਸ ਮਾਲ ਬਰਨਾਲਾ ਮੂਹਰੇ ਲੱਗਿਆ ਹੋਇਆ ਧਰਨਾ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।
ਬਰੇਟਾ (ਪੱਤਰ ਪ੍ਰੇਰਕ): ਇੱਥੇ ਇੱਕ ਪੈਟਰੋਲ ਪੰਪ ’ਤੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਅੱਜ ਵੀ ਜਾਰੀ ਰਿਹਾ ਹੈ। ਬੁਲਾਰਿਆਂ ਜੋਗਿੰਦਰ ਸਿੰਘ ਦਿਆਲਪੁਰਾ, ਮਨਪ੍ਰੀਤ ਸਿੰਘ ਕਾਹਨਗੜ੍ਹ ਆਦਿ ਨੇ ਕਿਹਾ ਕਿ ਕਿਸਾਨ ਪੁਰਸ਼ ਤੇ ਮਹਿਲਾਵਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਸ਼ਾਮਲ ਹੋ ਕੇ ਸਰਕਾਰਾਂ ਖ਼ਿਲਾਫ਼ ਵਿਚਾਰਾਂ ਦੇ ਪ੍ਰਗਟਾਵੇ ਤੇ ਨਾਅਰੇਬਾਜ਼ੀ ਕਰਕੇ ਸੰਘਰਸ਼ ਨੂੰ ਜਾਰੀ ਰੱਖਣ ਲਈ ਦ੍ਰਿੜ ਹੋ ਰਹੇ ਹਨ। ਬੁਲਾਰਿਆਂ ਨੇ ਕਿਹਾ ਸੰਘਰਸ਼ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ।