ਖੇਤਰੀ ਪ੍ਰਤੀਨਿਧ
ਪਟਿਆਲਾ, 20 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਫਾਰਮਾਸਿਊਟੀਕਲ ਵਿਗਿਆਨ ਅਤੇ ਡਰੱਗ ਖੋਜ ਵਿਭਾਗ ਵੱਲੋਂ ਕਰਵਾਈ ਗਈ ਦੋ ਰੋਜ਼ਾ ਰਾਸ਼ਟਰੀ ਕਾਨਫ਼ਰੰਸ-ਕਮ-ਵਰਕਸ਼ਾਪ ਦੌਰਾਨ ਡੈਲੀਗੇਟਸ ਲਈ ਸੱਭਿਆਚਰਕ ਸ਼ਾਮ ਕਰਵਾਈ ਗਈ। ਇਸ ਦੌਰਾਨ ਸਾਰਥਕ ਰੰਗਮੰਚ ਪਟਿਆਲਾ ਨੇ ਪ੍ਰੋ. ਕਿਰਪਾਲ ਕਜ਼ਾਕ ਵੱਲੋਂ ਲਿਖਿਤ ‘ਤਲਾਕ’ ਨਾਟਕ ਦੀ ਪੇਸ਼ਕਾਰੀ ਕੀਤੀ ਜਿਸ ਨੂੰ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ।
ਨਾਟਕ ਦੀ ਕਹਾਣੀ ਰਵਾਇਤੀ ਨਹੀਂ ਹੈ। ਇਹ ਨਾਟਕ ਜਿੱਥੇ ਅਖੌਤੀ ਰਿਸ਼ਤਿਆਂ, ਵਿਆਹ ਸੰਸਥਾ ਜਿਹੀ ਧਾਰਮਿਕ ਮਨੌਤ ਅਧੀਨ ਕੀਤੇ ਪਵਿੱਤਰ ਅਹਿਦ ਦੀਆਂ ਧੱਜੀਆਂ ਉਡਾਉਂਦਾ ਹੈ, ਉੱਥੇ ਨਿੱਜ-ਪਰਕ ਰਿਸ਼ਤਿਆਂ ਦੇ ਸਮਵਿੱਥ ਇੱਕ ਪੇਸ਼ਾਵਰ ਔਰਤ ਦੀ ਪਵਿੱਤਰਤਾ ਤੇ ਬਲੀਦਾਨ ਦੀ ਨਵੀਂ ਪਰਿਭਾਸ਼ਾ ਪ੍ਰਚੰਡ ਕਰਦਾ ਹੈ। ਇਹ ਨਾਟਕ, ਮਾਨਸਿਕ ਤਣਾਅ, ਰਿਸ਼ਤਿਆਂ ਦੀ ਪੇਚੀਦਗੀ, ਪ੍ਰੇਮ ਸਬੰਧਾਂ ਦੇ ਤਲਿਸਮ, ਕਰੂਰ ਯਥਾਰਥ ਅਤੇ ਜਿਸਮ ਫਰੋਸ਼ੀ ਦੇ ਅੰਧਕਾਰ ਵਿੱਚ ਚਕਾਚੌਂਧ ਕਰਦੀਆਂ ਚਾਨਣ ਦੀਆਂ ਕਿਰਨਾਂ ਨੂੰ ਇੱਕ ਮਾਨਵੀ ਦ੍ਰਿਸ਼ਟੀਕੋਣ ਤੋਂ ਦੇਖਣ ਅਤੇ ਪੇਸ਼ ਕਰਨ ਦੀ ਕੋਸਿ਼ਸ਼ ਕਰਦਾ ਹੈ। ਇਹ ਨਾਟਕ ਇੱਕ ਅਨਾਥ ਨੌਜਵਾਨ ਗੁਰਿੰਦਰ ਸਿੰਘ ਦੁਆਲੇ ਘੁੰਮਦਾ ਹੈ, ਜਿਸ ਦੇ ਦਿਲੋ-ਦਿਮਾਗ਼ ’ਤੇ ਮਰਦ ਪ੍ਰਧਾਨ ਸਮਾਜ ਦੀ ਮਨੋਦਸ਼ਾ ਸਵਾਰ ਹੈ। ਉਹ ਇਸ ਮਨੋ ਦਸ਼ਾ ਤਹਿਤ ਕਾਲਜ ਵੇਲ਼ੇ ਦੀ ਸੋਹਣੀ-ਸੁਣੱਖੀ ਤ੍ਰਿਖਾ ਨਾਲ ਸ਼ਾਦੀ ਰਚਾਉਣ ਦਾ ਚਾਹਵਾਨ ਹੈ, ਪਰ ਬਦਲਦੇ ਹਾਲਾਤ ਵਿੱਚ ਅਨਾਥ ਲੜਕੀ ਨਾਲ਼ ਵਿਆਹ ਕਰਵਾ ਲੈਂਦਾ ਹੈ। ਇਸੇ ਦੌਰਾਨ ਤ੍ਰਿਖਾ ਦਾ ਆਪਣੇ ਪਤੀ ਨਾਲ਼ ਤਲਾਕ ਹੋ ਜਾਂਦਾ ਹੈ ਅਤੇ ਉਹ ਨੌਜਵਾਨ ਆਪਣੀ ਪਤਨੀ ਨੂੰ ਚਮੜੀ ਰੋਗ ਦਾ ਬਹਾਨਾ ਲਗਾ ਕੇ ਤਲਾਕ ਦੇਣ ਦੀ ਧਾਰ ਲੈਂਦਾ ਹੈ।
ਨਾਟਕ ਦੀ ਕਹਾਣੀ ਕਈ ਤਰ੍ਹਾਂ ਦੇ ਮੋੜਾਂ ’ਚੋਂ ਗੁਜ਼ਰਦੀ ਦਿੱਲੀ ਦੇ ਹੋਟਲ ਵਿੱਚ ਪਹੁੰਚਦੀ ਹੈ, ਜਿੱਥੇ ਬਹੁਤ ਹੀ ਕਾਬਲ ਵਕੀਲ ਬੁਲਾਇਆ ਗਿਆ ਹੈ। ਵਕੀਲ ਦੇ ਹੋਟਲ ਪਹੁੰਚਣ ਤੋਂ ਪਹਿਲਾਂ ਮਾਲਤੀ ਨਾਂ ਦੀ ਲੜਕੀ ਆ ਜਾਂਦੀ ਹੈ,ਜੋ ਚੰਦ ਪੈਸਿਆਂ ਲਈ ਜਿਸਮ ਵੇਚਦੀ ਹੈ। ਨਾਟਕ ਦੀ ਕਹਾਣੀ ਉਸ ਵਕਤ ਤਿੱਖਾ ਮੋੜ ਕੱਟਦੀ ਹੈ, ਜਦੋਂ ਪਤਾ ਲੱਗਦਾ ਹੈ ਕਿ ਮਾਲਤੀ ਕੈਂਸਰ ਦੇ ਸ਼ਿਕਾਰ ਪਤੀ ਦੇ ਇਲਾਜ ਲਈ ਜਿਸਮ ਵੇਚਦੀ ਹੈ, ਕਿਉਂਕਿ ਪਤੀ ਨੂੰ ਦਿਲੋਂ ਪਿਆਰ ਕਰਦੀ ਹੈ। ਇਸ ਤਰ੍ਹਾਂ ਨਾਟਕ ਪਤੀ-ਪਤਨੀ ਸਬੰਧਾਂ ਦੀਆਂ ਪੇਚੀਦਗੀਆਂ, ਪ੍ਰੇਮ ਸਬੰਧਾਂ ਦੇ ਮਾਨਸਿਕ ਤਣਾਅ ਅਤੇ ਕਰੂਪ ਤੇ ਕਰੂਰ ਯਥਾਰਥ ਦੇ ਹਨੇਰੇ ਵਿੱਚ ਵੀ ਚਾਨਣ ਦੀ ਚਾਹਤ ਦਰਸਾਉਂਦਾ ਹੈ।
ਨਾਟਕ ਵਿੱਚ ਲੱਖਾ ਲਹਿਰੀ, ਵਿਪੁੱਲ ਅਹੂਜਾ, ਕਮਲਪ੍ਰੀਤ ਨਜ਼ਮ, ਗੁਰਦਿੱਤ ਪਹੇਸ਼, ਸੰਜੀਵ ਰਾਏ, ਕਿਰਨਦੀਪ ਕੌਰ, ਅਰਵਿੰਦਰ ਕੌਰ, ਸੁਰਜੀਤ ਅਤੇ ਦਮਨਪ੍ਰੀਤ ਸਿੰਘ ਨੇ ਆਪਣੇ ਕਿਰਦਾਰ ਬਾਖੂਬੀ ਨਿਭਾਏ। ਇਸ ਨਾਟਕ ਨੂੰ ਸਫਲ ਬਣਾਉਣ ਵਿੱਚ ਰੌਸ਼ਨੀ ਦਾ ਖਾਸ ਯੋਗਦਾਨ ਰਿਹਾ ਜਿਸ ਨੂੰ ਹਰਮੀਤ ਭੁੱਲਰ ਨੇ ਬਾਖੂਬੀ ਨਿਭਾਇਆ। ਮਿਊਜ਼ਿਕ ਅਪਰੇਟਰ ਦੀ ਜ਼ਿੰਮੇਵਾਰੀ ਫਤਿਹ ਸੋਹੀ ਨੇ ਨਿਭਾਈ।