ਆਤਿਸ਼ ਗੁਪਤਾ
ਚੰਡੀਗੜ੍ਹ, 20 ਮਾਰਚ
ਪੰਜਾਬ ਵਿਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਸੂਬੇ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਬਾਰੇ ਅਜੇ ਤੱਕ ਵੀ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਦੱਸਣਯੋਗ ਹੈ ਕਿ ਰਾਜ ਸਭਾ ਦੀ ਚੋਣ ਲਈ ਨਾਮਜ਼ਦਗੀਆਂ ਭਰਨ ਦੀ ਅੰਤਿਮ ਤਰੀਕ 21 ਮਾਰਚ ਹੈ ਅਤੇ 24 ਮਾਰਚ ਤੱਕ ਨਾਂ ਵਾਪਸ ਲਏ ਜਾਣਗੇ। ਵੋਟਾਂ 31 ਮਾਰਚ ਨੂੰ ਪੈਣਗੀਆਂ। ਸੂਬੇ ਤੋਂ ‘ਆਪ’ ਦੇ ਰਾਜ ਸਭਾ ਮੈਂਬਰਾਂ ਬਾਰੇ ਕਈ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਹੀ ਰਾਜ ਸਭਾ ਦੀਆਂ ਚੋਣਾਂ ਆ ਗਈਆਂ ਹਨ ਤੇ ਉਮੀਦਵਾਰਾਂ ਦੀ ਚੋਣ ਕਰਨ ਵਿੱਚ ‘ਆਪ’ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ‘ਆਪ’ ਦੇ 92 ਵਿਧਾਇਕ ਹੋਣ ਕਰ ਕੇ ਰਾਜ ਸਭਾ ਦੀਆਂ ਪੰਜ ਸੀਟਾਂ ‘ਆਪ’ ਦੇ ਖਾਤੇ ਵਿੱਚ ਜਾ ਸਕਦੀਆਂ ਹਨ। ਸੂਤਰਾਂ ਮੁਤਾਬਕ ਪੰਜ ਵਿਚੋਂ ਦੋ ਸੀਟਾਂ ’ਤੇ ਮੈਂਬਰ ‘ਆਪ’ ਦਿੱਲੀ ਤੋਂ ਲਿਆਉਣ ਦੀ ਤਿਆਰੀ ਕਰ ਰਹੀ ਹੈ ਅਤੇ ਤਿੰਨ ਸੀਟਾਂ ਪੰਜਾਬ ਨਾਲ ਸਬੰਧਤ ਮੈਂਬਰਾਂ ਨੂੰ ਦਿੱਤੀਆਂ ਜਾਣਗੀਆਂ। ਦਿੱਲੀ ਦੇ ਵਿਧਾਇਕ ਰਾਘਵ ਚੱਢਾ ਅਤੇ ਪੰਜਾਬ ਚੋਣਾਂ ਦੀ ਰਣਨੀਤੀ ਤਿਆਰ ਕਰਨ ਵਾਲੇ ਸੰਦੀਪ ਪਾਠਕ ਦੇ ਨਾਂ ਨਾਮਜ਼ਦਗੀਆਂ ਲਈ ਉੱਭਰ ਕੇ ਸਾਹਮਣੇ ਆ ਰਹੇ ਹਨ। ਜਦਕਿ ਕ੍ਰਿਕਟਰ ਹਰਭਜਨ ਸਿੰਘ ਦਾ ਨਾਂ ਵੀ ਚਰਚਾ ਵਿਚ ਹੈ। ਇਸ ਤੋਂ ਇਲਾਵਾ ਸੂਬੇ ਦੇ ਵੱਡੇ ਕਾਰੋਬਾਰੀਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਪਾਰਟੀ ਨੇ ਐਤਵਾਰ ਰਾਤ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਸੀ।
ਵਿਰੋਧੀ ਧਿਰਾਂ ਵੱਲੋਂ ‘ਆਪ’ ’ਤੇ ਿਤੱਖੀ ਨਜ਼ਰ
ਪੰਜਾਬ ਦੀਆਂ ਰਾਜ ਸਭਾ ਸੀਟਾਂ ’ਤੇ ਦਿੱਲੀ ਤੋਂ ਮੈਂਬਰ ਲਿਆਉਣ ਦੀ ਸੂਰਤ ਵਿਚ ਵਿਰੋਧੀ ਪਾਰਟੀਆਂ ‘ਆਪ’ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ। ਉਨ੍ਹਾਂ ਵੱਲੋਂ ਪਾਰਟੀ ਦੀਆਂ ਰਾਜ ਸਭਾ ਨਾਮਜ਼ਦਗੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਮੁਤਾਬਕ ਦਿੱਲੀ ਰਾਜ ਸਭਾ ਦੀਆਂ ਤਿੰਨ ਸੀਟਾਂ ’ਤੇ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਇਕ ਸੀਟ ’ਤੇ ਨੁੁਮਾਇੰਦਗੀ ਪੰਜਾਬ ਨੂੰ ਦੇਣ ਦੀ ਗੱਲ ਹੋਈ ਸੀ ਪਰ ਪਾਰਟੀ ਨੇ ਸੰਜੇ ਸਿੰਘ ਅਤੇ ਦੋ ਹੋਰਨਾਂ ਨੂੰ ਮੈਂਬਰ ਬਣਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਸੀਟਾਂ ’ਤੇ ਪੰਜਾਬ ਦਾ ਹੀ ਹੱਕ ਬਣਦਾ ਹੈ।