ਪੱਤਰ ਪ੍ਰੇਰਕ
ਬਠਿੰਡਾ, 20 ਅਕਤੂਬਰ
ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬਕਾਇਆ ਟੈਕਸ ਤੇ ਦੋ ਨੰਬਰ ਵਿੱਚ ਚੱਲ ਰਹੀਆਂ ਬੱਸਾਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਕਾਰਵਾਈ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਜਾ ਵੜਿੰਗ ਵੱਲੋਂ ਸਿਆਸੀ ਬਦਲੇਖੋਰੀ ਦੀ ਰਾਜਨੀਤੀ ਤਹਿਤ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨਾਲ ਸਬੰਧਿਤ ਟਰਾਂਸਪੋਰਟਰਾਂ ਨੂੰ ਹੀ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ ਅਤੇ ਕਾਂਗਰਸੀਆਂ ਦੇ ਵੱਡੇ ਟਰਾਂਸਪੋਰਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਬਕਾਇਆ ਟੈਕਸ ਨੂੰ ਆਧਾਰ ਬਣਾ ਕੇ ਬੱਸਾਂ ਬੰਦ ਕਰ ਰਹੀ ਹੈ ਤਾਂ ਸਿਰਫ਼ ਅਕਾਲੀ ਆਗੂਆਂ ਦੀ ਮਾਲਕੀ ਵਾਲੀਆਂ ਜਾਂ ਕੁਝ ਪ੍ਰਾਈਵੇਟ ਟਰਾਂਸਪੋਰਟਰਾਂ ਦੀਆਂ ਬੱਸਾਂ ਖ਼ਿਲਾਫ਼ ਹੀ ਕਾਰਵਾਈ ਕਿਉਂ ਹੋਈ ਹੈ।