ਕਿਸਾਨ ਲਹਿਰ ਦੇ ਅੰਤਰ-ਵਿਰੋਧ
ਪਹਿਲੀ ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਕਰਮ ਬਰਸਟ ਦਾ ਲੇਖ ‘ਪੰਜਾਬ ਦੀ ਕਿਸਾਨ ਲਹਿਰ ਦੇ ਅੰਤਰ- ਵਿਰੋਧ’ ਪੜ੍ਹਿਆ। ਲੇਖ ਵਿਚ ਕਿਸਾਨ ਲੀਡਰਸ਼ਿਪ ਦੀ ਸੋਚ ਅਤੇ ਸੇਧ ਵਿਚਲਾ ਫਾਸਲਾ ਹੋਰ ਚੌੜਾ ਹੋਣ ਦੀ ਚਰਚਾ ਹੈ। ਲੇਖਕ ਨੇ ਇਸ ਦੇ ਜੋ ਕਾਰਨ ਪੇਸ਼ ਕੀਤੇ ਹਨ, ਵਿਚਾਰਨ ਵਾਲੇ ਹਨ। ਸਬਸਿਡੀਆਂ ਦੇ ਹੱਕਦਾਰ ਅਸਲ ਵਿਚ ਥੋੜ੍ਹੀ ਜ਼ਮੀਨ ਦੀ ਮਾਲਕ ਕਿਸਾਨੀ, ਗ਼ਰੀਬ ਕਿਸਾਨੀ, ਦਰਮਿਆਨੀ ਕਿਸਾਨੀ ਹੈ। ਧਨੀ ਕਿਸਾਨੀ ਅਤੇ ਉੱਪਰਲੇ ਭੋਇੰਪਤੀਆਂ ਦੀ ਜਮਾਤ ਨੂੰ ਕਿਸੇ ਵੀ ਕੀਮਤ ’ਤੇ ਸਬਸਿਡੀ ਨਹੀਂ ਦਿੱਤੀ ਜਾਣੀ ਚਾਹੀਦੀ ਪਰ ਇੱਥੋਂ ਦਾ ਰਾਜ ਪ੍ਰਬੰਧ ਆਪਣੀਆਂ ਗਿਣਤੀਆਂ ਨੂੰ ਧਿਆਨ ਵਿਚ ਰੱਖ ਕੇ ਕਦਮ ਚੁੱਕਦਾ ਹੈ। ਪ੍ਰਬੰਧ ਇਹੋ ਚਾਹੁੰਦਾ ਹੈ ਕਿ ਕਿਸਾਨੀ ਇਕਹਿਰੀ ਜਮਾਤ ਦੇ ਤੌਰ ’ਤੇ ਦਿਸੇ ਜਦੋਂਕਿ ਹਕੀਕਤ ਵਿਚ ਪੰਜਾਬ ਦੀ ਕਿਸਾਨੀ ਇਕਹਿਰੀ ਤੇ ਇਕਸੁਰ ਜਮਾਤ ਨਹੀਂ। ਜਦੋਂ ਤਕ ਕਿਸਾਨੀ ਅੰਦਰ ਕਤਾਰਬੰਦੀ ਨਹੀਂ ਹੁੰਦੀ, ਉਦੋਂ ਤਕ ਖੇਤ ਮਜ਼ਦੂਰਾਂ ਨਾਲ ਥੋੜ੍ਹੀ ਜ਼ਮੀਨ ਦੀ ਮਾਲਕ ਕਿਸਾਨੀ, ਗ਼ਰੀਬ ਕਿਸਾਨੀ, ਦਰਮਿਆਨੀ ਕਿਸਾਨੀ ਦੀ ਸਾਂਝ ਨਹੀਂ ਪੈ ਸਕਦੀ।
ਸੰਜੀਵ ਮਿੰਟੂ, ਈਮੇਲ
ਗਾਗਰ ਵਿਚ ਸਾਗਰ
ਜਗਦੀਪ ਸਿੱਧੂ ਦਾ ਮਿਡਲ ‘ਮੈਚ ਦੇ ਬਹਾਨੇ’ (2 ਨਵੰਬਰ) ਗਾਗਰ ਵਿਚ ਸਾਗਰ ਜਾਪਿਆ। ਸੋਚਾਂ ਦੇ ਸਮੁੰਦਰ ਬਹੁਤ ਗਹਿਰੇ ਹੁੰਦੇ ਅਤੇ ਹਰ ਗੱਲ ਕਿਸੇ ਪੁਰਾਣੇ ਕਿੱਸੇ ਦਾ ਚੇਤਾ ਕਰਵਾ ਜਾਂਦੀ ਹੈ। ਸੋਚ ਦੀ ਗਤੀ ਸ਼ਾਇਦ ਰੋਸ਼ਨੀ ਤੋਂ ਵੀ ਤੇਜ਼ ਹੁੰਦੀ ਹੈ ਕਿ ਅਸੀਂ ਬੈਠੇ ਕਿਤੇ ਹੁੰਦੇ ਹਾਂ ਤੇ ਸੋਚਾਂ ਪਲਾਂ ਵਿਚ ਸੱਤ ਸਮੁੰਦਰ ਫੇਰੀ ਲਗਾ ਆਉਂਦੀਆਂ ਨੇ। ਲੇਖ ਵਿਚ ਕੁਝ ਗੱਲਾਂ ਬਹੁਤ ਡੂੰਘਾ ਅਰਥ ਛੱਡ ਗਈਆਂ।
ਵਿਕਾਸ ਕਪਿਲਾ, ਖੰਨਾ
ਭਾਸ਼ਾ ਦੀ ਤ੍ਰਾਸਦੀ
ਡਾ. ਕੁਲਦੀਪ ਸਿੰਘ ਦਾ ਲੇਖ ‘ਪੰਜਾਬੀ ਭਾਸ਼ਾ ਦੇ ਸੰਕਟ ਦੀਆਂ ਜੜ੍ਹਾਂ’ (ਪਹਿਲੀ ਨਵੰਬਰ) ਮੌਜੂਦਾ ਹਾਲਾਤ ਬਿਆਨ ਕਰਦਾ ਹੈ। ਲੇਖ ਪੜ੍ਹ ਕੇ ਮਹਿਸੂਸ ਹੋਇਆ ਕਿ ਪੰਜਾਬੀ ਭਾਸ਼ਾ ਦੀ ਤ੍ਰਾਸਦੀ ਲਈ ਆਧੁਨਿਕਤਾ ਦਾ ਯੁੱਗ ਹੀ ਜ਼ਿੰਮੇਵਾਰ ਹੈ, ਤੇਜ਼ੀ ਨਾਲ ਬਦਲਦਾ ਯੁੱਗ (ਜ਼ਮਾਨਾ) ਨਵੀਂ ਪੀੜ੍ਹੀ ਨੂੰ ਆਪਣੀ ਮਾਤ ਭਾਸ਼ਾ ਤੋਂ ਮੁੱਖ ਮੋੜਨ ਲਈ ਮਜਬੂਰ ਕਰ ਰਿਹਾ ਹੈ। ਆਪਣੇ ਆਪ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਾਪੇ ਅਤੇ ਉਨ੍ਹਾਂ ਦੇ ਬੱਚਿਆਂ ਦਾ ਰੁਝਾਨ ਮਾਤ ਭਾਸ਼ਾ ਤੋਂ ਹਟ ਕੇ ਅੰਗਰੇਜ਼ੀ ਵੱਲ ਹੋ ਤੁਰਿਆ ਹੈ। ਲੇਖ ਵਿਚ ਦਰਸਾਏ ਅੰਕੜਿਆਂ ਅਨੁਸਾਰ ਪੰਜਾਬ ਦੇ ਸ਼ਹਿਰਾਂ ਦੀ ਆਬਾਦੀ ਵਧ ਰਹੀ ਹੈ ਪਰ ਪੰਜਾਬੀ ਸਕੂਲ (ਸਰਕਾਰੀ ਸਕੂਲ) ਜਿਉਂ ਦੇ ਤਿਉਂ ਹਨ। ਪਹਿਲਾ ਕਾਰਨ ਸਪਸ਼ਟ ਹੈ ਕਿ ਸਮੇਂ ਦੀ ਮੰਗ ਅੰਗਰੇਜ਼ੀ ਹੈ, ਪੰਜਾਬੀ ਨਹੀਂ। ਸਮੇਂ ਦੀਆਂ ਸਰਕਾਰਾਂ ਜਾਂ ਵਿਦਿਅਕ ਅਤੇ ਗ਼ੈਰ-ਵਿਦਿਅਕ ਸੰਸਥਾਵਾਂ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਹੀ ਨਹੀਂ ਕਰ ਰਹੀਆਂ। ਇਸ ਲਈ ਅੰਗਰੇਜ਼ੀ ਸਕੂਲਾਂ ਦੀ ਗਿਣਤੀ ਵਿਚ ਵਾਧਾ ਹੋਣਾ ਸੁਭਾਵਿਕ ਹੈ। ਦੂਸਰਾ ਕਾਰਨ ‘ਪੱਕੇ ਰੁਜ਼ਗਾਰ ਦੀ ਕਮੀ’ ਨੌਜਵਾਨਾਂ ਨੂੰ ਵਿਦੇਸ਼ੀ ਭਾਸ਼ਾ ਸਿੱਖਣ ਲਈ ਹਲੂਣਦੀ ਹੈ। ਹੁਣ ਲੋੜ ਹੈ, ਸਕੂਲੀ ਸਿੱਖਿਆ ਦੇ ਅੰਤਲੇ ਪੜਾਅ ਦੌਰਾਨ ਅਧਿਆਪਕਾਂ ਦੁਆਰਾ ਪੰਜਾਬੀ ਭਾਸ਼ਾ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਜਾਵੇ।
ਗੁਰਮੇਲ ਸਿੰਘ, ਨੇਹੀਆਂ ਵਾਲਾ (ਬਠਿੰਡਾ
(2)
ਪਹਿਲੀ ਨਵੰਬਰ ਨੂੰ ਛਪੇ ਲੇਖ ‘ਪੰਜਾਬੀ ਭਾਸ਼ਾ ਦੇ ਸੰਕਟ ਦੀਆਂ ਜੜ੍ਹਾਂ’ ਵਿਚ ਡਾ. ਕੁਲਦੀਪ ਸਿੰਘ ਨੇ ਡੂੰਘੇ ਵਿਚਾਰ ਪੇਸ਼ ਕੀਤੇ ਹਨ। ਇਸ ਵਕਤ ਸਾਡੀ ਮਾਂ ਬੋਲੀ ਪੰਜਾਬੀ ਉੱਤੇ ਵੱਡਾ ਸੰਕਟ ਹੈ। ਪੰਜਾਬੀ ਭਾਸ਼ਾ ਵਿਚ ਸੰਕਟ 1980 ਤੋਂ ਬਾਅਦ ਸ਼ੁਰੂ ਹੋਇਆ ਜਦੋਂ ਸਾਰਾ ਪੰਜਾਬ ਅਤਿਵਾਦ ਦੀ ਮਾਰ ਹੇਠ ਆਇਆ ਸੀ ਜਿਸ ਕਾਰਨ ਆਰਥਿਕ ਪੱਖੋਂ ਠੀਕ ਤਬਕੇ ਸ਼ਹਿਰਾਂ ਵਿਚ ਵਸਣ ਲੱਗੇ। ਲੋਕਾਂ ਨੇ ਆਪਣੇ ਬੱਚੇ ਸ਼ਹਿਰਾਂ ਵਿਚ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਲਾ ਦਿੱਤੇ। ਸਕੂਲਾਂ ਵਿਚੋਂ ਪੰਜਾਬੀ ਦਾ ਖਾਰਜ ਹੋਣਾ ਪੰਜਾਬੀ ਭਾਸ਼ਾ ਵਿਚ ਸੰਕਟ ਦੀ ਬੁਨਿਆਦ ਹੈ। ਬੱਚੇ ਅੰਗਰੇਜ਼ੀ ਵਿਚ ਮੁਹਾਰਤ ਹਾਸਲ ਕਰ ਕੇ ਵਿਦੇਸ਼ਾਂ ਵਿਚ ਜਾ ਰਹੇ ਹਨ। ਜਿੰਨੀ ਦੇਰ ਮਾਂ ਬੋਲੀ ਪੰਜਾਬੀ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ, ਇਸ ਸੰਕਟ ਨੇ ਹੱਲ ਤਾਂ ਕੀ ਹੋਣਾ ਹੈ, ਇਸ ਨੂੰ ਮੋੜਾ ਵੀ ਨਹੀਂ ਪੈਣਾ।
ਕੁਲਜੀਤਪਾਲ ਕੌਰ, ਪਿੰਡ ਕੁਠਾਲਾ (ਮਾਲੇਰਕੋਟਲਾ)
(3)
ਡਾ. ਕੁਲਦੀਪ ਸਿੰਘ ਦਾ ਲੇਖ ‘ਪੰਜਾਬੀ ਭਾਸ਼ਾ ਦੇ ਸੰਕਟ ਦੀਆਂ ਜੜ੍ਹਾਂ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਆਪਣੀ ਭਾਸ਼ਾ ਨਾਲ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ; ਕੇਵਲ ਮਾਪੇ ਹੀ ਨਹੀਂ, ਸਰਕਾਰ ਅਤੇ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਨੇ ਵੀ ਸਿੱਖਿਆ ਨੂੰ ਵਪਾਰੀਕਰਨ ਵੱਲ ਲਿਜਾਂਦੇ ਹੋਏ ਵਧੇਰੇ ਮੁਨਾਫ਼ਾ ਕਮਾਉਣ ਲਈ ਪੰਜਾਬੀ ਭਾਸ਼ਾ ਨੂੰ ਖ਼ੋਰਾ ਲਾਉਣ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬੀ ਭਾਸ਼ਾ ਵਿਚ ਦਿਨੋ-ਦਿਨ ਆ ਰਹੇ ਨਿਘਾਰ ਬਾਰੇ ਚਿੰਤਾ ਅਤੇ ਚਿੰਤਨ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਹੋਂਦ ਬਚਾਈ ਜਾ ਸਕੇ। ਇਸ ਤੋਂ ਪਹਿਲਾਂ 29 ਅਕਤੂਬਰ ਨੂੰ ‘ਤਬਸਰਾ’ ਪੰਨੇ ਉੱਤੇ ਦਿਪਾਂਜਨ ਘੋਸ਼ ਦਾ ਲੇਖ ‘ਰੁੱਖਾਂ ਦੀ ਵਿਲੱਖਣ ਬੁੱਧੀ ਦੀਆਂ ਗੱਲਾਂ’ ਪੜ੍ਹਿਆ। ਇਹ ਗੱਲਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਰੁੱਖਾਂ ਵਿਚ ਵੀ ਜੀਵਨ ਹੈ ਅਤੇ ਮਨੁੱਖ ਵਾਂਗ ਇਨ੍ਹਾਂ ਨੂੰ ਵੀ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ ਪਰ ਮਨੁੱਖ ਅਕ੍ਰਿਤਘਣ ਬਣ ਕੇ ਰੁੱਖਾਂ ਦਾ ਨਾਸ ਕਰਦਾ ਹੈ; ਉਹ ਇਹ ਨਹੀਂ ਜਾਣਦਾ ਕਿ ਰੁੱਖਾਂ ਤੋਂ ਬਿਨਾ ਇਸ ਧਰਤੀ ’ਤੇ ਮਨੁੱਖ ਦੀ ਹੋਂਦ ਸੰਭਵ ਨਹੀਂ ਹੋਵੇਗੀ।
ਰਜਵਿੰਦਰਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਕਾਹਲ ਵਾਲਾ ਬਿਆਨ
31 ਅਕਤੂਬਰ ਨੂੰ ਪਹਿਲੇ ਪੰਨੇ ਉੱਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਾਰੇ ਖ਼ਬਰ ਪੜ੍ਹੀ। ਉਨ੍ਹਾਂ ਆਖਿਆ ਹੈ ਕਿ ਜੇ ਮਹੀਨੇ ’ਚ ਇਨਸਾਫ਼ ਨਾ ਮਿਲਿਆ ਤਾਂ ਉਹ ਦੇਸ਼ ਭਾਰਤ ਛੱਡ ਦੇਣਗੇ। ਉਹ ਕਾਹਲ ਕਰ ਰਹੇ ਹਨ। ਇਸ ਕੇਸ ਵਿਚ ਦੋ ਗੈਂਗਸਟਰ ਮੁਕਾਬਲੇ ਰਾਹੀਂ ਮਾਰੇ ਗਏ, ਦਰਜਨਾਂ ਜੇਲ੍ਹ ’ਚ ਬੰਦ ਹਨ, ਪੁਲੀਸ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਤੁਰੰਤ ਬਰਖ਼ਾਸਤ ਕਰ ਦਿੱਤਾ ਗਿਆ ਅਤੇ ਸਬੰਧਿਤ ਲੜਕੀ ਸਮੇਤ ਕਈ ਗ੍ਰਿਫ਼ਤਾਰ ਕਰ ਲਏ ਹਨ। ਇੰਨੀ ਵੱਡੀ ਕਾਰਵਾਈ ਤਾਂ ਮੇਰੇ ਦੇਖਦਿਆਂ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਕਤਲ ’ਤੇ ਵੀ ਨਹੀਂ ਸੀ ਹੋਈ। ਉਂਝ ਵੀ, ਮੂਸੇਵਾਲਾ ਦੇ ਗੀਤਾਂ ਵਿਚ ਏਕੇ 47 ਦੀ ਵਰਤੋਂ ਕਰਨਾ ਗੈਂਗਸਟਰਾਂ ਨੂੰ ਬੁਰੇ ਕੰਮਾਂ ਲਈ ਉਕਸਾਉਣਾ ਸੀ। ਇਹ ਗੱਲ ਕੌਣ ਧਿਆਨ ਵਿਚ ਰੱਖੇਗਾ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਆਪ ਸਹੇੜੀ ਤ੍ਰਾਸਦੀ
ਗੁਜਰਾਤ ਵਿਚ ਹੋਇਆ ਪੁਲ ਹਾਦਸਾ ਅਸਲ ਵਿਚ ਆਪ ਸਹੇੜੀ ਤ੍ਰਾਸਦੀ ਹੈ। ਛੇ ਮਹੀਨਿਆਂ ਦੇ ਵਕਫ਼ੇ ਪਿੱਛੋਂ ਮੁਰੰਮਤ ਤੋਂ ਬਾਅਦ ਕੁਝ ਦਿਨ ਪਹਿਲਾਂ ਖੋਲ੍ਹੇ ਪੁਲ ਉੱਤੇ ਸਮਰੱਥਾ ਤੋਂ ਵਧੇਰੇ ਲੋਕ ਕਿਉਂ ਜਾਣ ਦਿੱਤੇ ਗਏ? ਗੁਜਰਾਤ ਸਰਕਾਰ ਨੇ ਭਾਵੇਂ ਖਾਨਾਪੂਰਤੀ ਲਈ ਕਾਰਵਾਈ ਕਰ ਦਿੱਤੀ ਹੈ ਪਰ ਅਸਲ ਮਸਲਾ ਤਾਂ ਸਿਆਸਤਦਾਨਾਂ, ਠੇਕੇਦਾਰਾਂ ਅਤੇ ਨੌਕਰਸ਼ਾਹਾਂ ਦੇ ਗੱਠਜੋੜ ਅਤੇ ਇਨ੍ਹਾਂ ਵੱਲੋਂ ਨਿੱਜੀ ਮੁਫ਼ਾਦਾਂ ਲਈ ਵਰਤੀ ਜਾਂਦੀ ਅਣਗਹਿਲੀ ਦਾ ਹੈ।
ਐੱਸਕੇ ਖੋਸਲਾ, ਚੰਡੀਗੜ੍ਹ