ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਕਤੂਬਰ
ਕਰੋਨਾ ਮਹਾਮਾਰੀ ਦੌਰਾਨ ਮੈਡੀਕਲ ਰਿਸਰਚ ਵਿਭਾਗ ਵੱਲੋਂ ਆਊਟਸੋਰਸ ਪ੍ਰਣਾਲੀ ਰਾਹੀਂ ਭਰਤੀ ਕੀਤੇ ਗਏ ਤਿੰਨ ਸੌ ਤੋਂ ਵੱਧ ਮੁਲਾਜ਼ਮਾਂ ਵਿੱਚੋਂ ਸਰਕਾਰ ਨੇ ਦੋ ਦਿਨ ਪਹਿਲਾਂ 55 ਡੇਟਾ ਐਂਟਰੀ ਅਪਰੇਟਰਾਂ ਅਤੇ 20 ਸਫ਼ਾਈ ਸੇਵਕਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਸੀ।
ਇਸ ਰੋਸ ਵਜੋਂ ਅੱਜ ‘ਪੰਜਾਬ ਕਰੋਨਾ ਲੈਬ ਮੁਲਾਜ਼ਮ ਯੂਨੀਅਨ’ ਦੇ ਸੂਬਾਈ ਪ੍ਰਧਾਨ ਪਲਜਿੰਦਰ ਸਿੰਘ ਦੀ ਅਗਵਾਈ ਹੇਠ ਛੇ ਵਰਗਾਂ ਦੇ ਸੈਂਕੜੇ ਮੁਲਾਜ਼ਮਾਂ ਨੇ ਸੂਬਾਈ ਹੜਤਾਲ ਕਰ ਕੇ ਪੰਜਾਬ ਭਰ ਵਿਚਲੀਆਂ ਸਮੂਹ ਸੱਤ ਸਰਕਾਰੀ ਲੈਬਜ਼ ਵਿੱਚ ਕਰੋਨਾ ਟੈਸਟਾਂ ਅਤੇ ਇਸ ਸਬੰਧੀ ਹਰ ਤਰ੍ਹਾਂ ਦੇ ਕੰਮ ਦਾ ਬਾਈਕਾਟ ਕਰ ਦਿੱਤਾ। ਇਸ ਉਪਰੰਤ ਇਨ੍ਹਾਂ 65 ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ ਕੀਤੇ ਜਾਣ ਮਗਰੋਂ ਹੀ ਛੇ ਘੰਟਿਆਂ ਬਾਅਦ ਹੜਤਾਲ ਵਾਪਸ ਲਈ ਗਈ। ਜ਼ਿਕਰਯੋਗ ਹੈ ਕਿ ਕਰੋਨਾ ਕਾਲ ਦੌਰਾਨ ਮੈਡੀਕਲ ਰਿਸਰਚ ਵਿਭਾਗ ਵੱਲੋਂ ਆਊਟਸੋਰਸਿਜ਼ ਤਹਿਤ ਰਿਸਰਚ ਸਾਇੰਸਟਿਸਟ, ਰਿਸਰਚ ਅਸਿਸਟੈਂਟ, ਲੈਬ ਤਕਨੀਸ਼ਨ, ਲੈਬ ਅਟੈਂਡੈਂਟ, ਡੇਟਾ ਐਂਟਰੀ ਅਪਰੇਟਰ ਅਤੇ ਸਵੀਪਰਾਂ ਦੀ ਭਰਤੀ ਕੀਤੀ ਗਈ ਸੀ ਪਰ ਦੋ ਦਿਨ ਪਹਿਲਾਂ ਹੀ ਸਰਕਾਰ ਨੇ ਇਨ੍ਹਾਂ ਵਿੱਚੋਂ 55 ਅਪਰੇਟਰਾਂ ਅਤੇ 20 ਸਵੀਪਰਾਂ ਨੂੰ ਹਟਾ ਦਿੱਤਾ ਸੀ। ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ 18 ਅਕਤੂਬਰ ਨੂੰ ਹੀ ਮੁਲਾਜ਼ਮਾਂ ਨੇ ਹੜਤਾਲ ਦਾ ਐਲਾਨ ਕੀਤਾ ਸੀ ਪਰ ਅੱਜ ਕੰਮ ਦੇ ਬਾਈਕਾਟ ਤੋਂ ਛੇ ਘੰਟਿਆਂ ਮਗਰੋਂ ਸਰਕਾਰ ਨੇ ਹਟਾਏ ਗਏ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਦੀ ਬਹਾਲੀ ਦਾ ਐਲਾਨ ਕਰ ਦਿੱਤਾ, ਜਿਸ ਮਗਰੋਂ ਮੁਲਾਜ਼ਮਾਂ ਨੇ ਮੁੜ ਡਿਊਟੀਆਂ ਸੰਭਾਲ ਲਈਆਂ। ਰੋਸ ਪ੍ਰਦਰਸ਼ਨਾਂ ਵਿੱਚ ਪ੍ਰੈੱਸ ਸਕੱਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਅਮਨਦੀਪ ਸਿੰਘ, ਡਾ. ਰਵਿੰਦਰ ਸਿੰਘ, ਡਾ. ਸੁਨਿਕ ਮਲਿਕ, ਅਮਰਜੀਤ ਸਿੰਘ, ਆਸ਼ਾ ਰਾਣੀ ਤੇ ਮੋਹਿਤ ਭੱਲਾ ਨੇ ਸ਼ਿਰਕਤ ਕੀਤੀ। ਪਲਜਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਸਬੰਧੀ ਟੈਸਟ ਪਟਿਆਲਾ, ਅੰਮ੍ਰਿਤਸਰ, ਫ਼ਰੀਦਕੋਟ, ਜਲੰਧਰ ਅਤੇ ਮੁਹਾਲੀ ਵਿਚਲੀਆਂ ਸੱਤ ਸਰਕਾਰੀ ਲੈਬਾਂ ਵਿੱਚ ਕੀਤੇ ਜਾਂਦੇ ਹਨ।