ਨਵੀਂ ਦਿੱਲੀ: ਪੈਨਸ਼ਨਰਾਂ ਨੂੰ ਹੁਣ ਆਪਣੇ ਜਿਊਂਦੇ ਹੋਣ ਦੇ ਸਬੂਤ ਵਜੋਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਮੌਕੇ ਬਹੁਤਾ ਖੱਜਲ ਖੁਆਰ ਨਹੀਂ ਹੋਣਾ ਪਏਗਾ। ਪੈਨਸ਼ਨਰ ਹੁਣ ਘਰ ਬੈਠੇ ਆਪਣੇ ਸਮਾਰਟਫੋਨਾਂ ’ਤੇ ਫੇਸ ਓਥੈਂਟੀਕੇਸ਼ਨ ਤਕਨੀਕ ਜ਼ਰੀਏ ਸਰਟੀਫਿਕੇਟ ਜਮ੍ਹਾਂ ਕਰਵਾ ਸਕਣਗੇ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਪੈਨਸ਼ਨਰਾਂ ਦੀ ਸਹੂਲਤ ਲਈ ਡਿਜੀਟਲ ਲਾਈਫ ਸਰਟੀਫਿਕੇਟਾਂ ਤੇ ਫੇਸ ਓਥੈਂਟੀਕੇਸ਼ਨ (ਚਿਹਰੇ ਦੀ ਤਸਦੀਕ) ਐਪਲੀਕੇਸ਼ਨ ਦੀ ਵਰਤੋਂ ਬਾਰੇ ਦੇਸ਼ਿਵਆਪੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, ‘‘ਅਮ੍ਰਿਤ ਕਾਲ ਵਿਚ ਡਿਜੀਟਲੀ ਸਸ਼ਕਤ ਪੈਨਸ਼ਨਰ ਡਿਜੀਟਲ ਮਜ਼ਬੂਤ ਰਾਸ਼ਟਰ ਸਿਰਜਣ ਵਿੱਚ ਮਦਦਗਾਰ ਹੋਣਗੇ।’’ ਅਮਲਾ ਮੰਤਰਾਲਾ ’ਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਹਰ ਸਾਲ ਨਵੰਬਰ ਵਿੱਚ ਪੈਨਸ਼ਨਰਾਂ ਵੱਲੋਂ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣੇ ਅਹਿਮ ਸਰਗਰਮੀ ਹੈ, ਤਾਂ ਕਿ ਉਨ੍ਹਾਂ ਨੂੰ ਮਿਲਦੀ ਪੈਨਸ਼ਨ ’ਚ ਕੋਈ ਅੜਿੱਕਾ ਨਾ ਪਏ। ਅੱਸੀ ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਲਈ ਅਕਤੂਬਰ ਮਹੀਨੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਵਿਸ਼ੇਸ਼ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਮੋਡ ਵਿੱਚ ਪੈਨਸ਼ਨਰਾਂ ਨੂੰ ਖ਼ੁਦ ਸਰੀਰਕ ਰੂਪ ਵਿੱਚ ਪੈਨਸ਼ਨ ਦਾ ਭੁਗਤਾਨ ਕਰਨ ਵਾਲੀ ਅਥਾਰਿਟੀ ਕੋਲ ਪੇਸ਼ ਹੋਣਾ ਹੁੰਦਾ ਹੈ ਅਤੇ ਬਜ਼ੁਰਗ ਤੇ ਬਿਮਾਰ ਪੈਨਸ਼ਨਰਾਂ ਨੂੰ ਇਸ ਢੰਗ ਤਰੀਕੇ ਨਾਲ ਕਾਫੀ ਅਸੁਵਿਧਾ ਹੁੰਦੀ ਹੈ। ਲਿਹਾਜ਼ਾ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਇਸ ਪ੍ਰਬੰਧ ਨੂੰ ‘ਸੁਖਾਲਾ’ ਬਣਾਉਣ ਲਈ ਸਰਕਾਰ ਨੇ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਜੀਵਨ ਪ੍ਰਮਾਣ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਹੈ। ਸ਼ੁਰੂਆਤ ਵਿੱਚ ਸਰਕਾਰ ਨੇ ਬਾਇਓਮੀਟਰਿਕਸ ਦੀ ਵਰਤੋਂ ਨਾਲ ਡੀਐੱਲਸੀ’ਜ਼ ਜਮ੍ਹਾਂ ਕਰਵਾਉਣ ਦਾ ਪ੍ਰਬੰਧ ਲਾਂਚ ਕੀਤਾ ਸੀ। ਮਗਰੋਂ ਆਧਾਰ ਡੇਟਾਬੇਸ ਅਧਾਰਿਤ ਫੇਸ ਰੈਕੋਗਨੀਸ਼ਨ ਤਕਨਾਲੋਜੀ ਵਿਕਸਤ ਕੀਤੀ ਗਈ, ਜਿਸ ਦੀ ਮਦਦ ਨਾਲ ਕਿਸੇ ਵੀ ਐਂਡਰੌਇਡ ਅਧਾਰਿਤ ਸਮਾਰਟਫੋਨ ਜ਼ਰੀਏ ਡੀਐੱਲਸੀ ਦੇਣਾ ਸੰਭਵ ਹੋ ਗਿਆ। ਸਿੰਘ ਨੇ ਦੇਸ਼ਿਵਆਪੀ ਮੁਹਿੰਮ ਦਾ ਆਗਾਜ਼ ਕਰਦਿਆਂ ਸਾਰੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਚਿਹਰਾ ਤਸਦੀਕ ਕਰਨ ਵਾਲੀ ਤਕਨਾਲੋਜੀ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਪੈਨਸ਼ਨ ਭੁਗਤਾਨ ਅਥਾਰਿਟੀਜ਼ ਨੂੰ ਡੀਐੱਲਸੀ/ਫੇਸ ਓਥੈਂਟੀਕੇਸ਼ਨ ਤਕਨਾਲੋਜੀ ਦੀ ਵਰਤੋਂ ਦੇ ਪ੍ਰਚਾਰ ਪਾਸਾਰ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਬੰਧਤ ਮੰਤਰਾਲਿਆਂ ਤੇ ਵਿਭਾਗਾਂ ਨੂੰ ਵੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। -ਪੀਟੀਆਈ