ਗੁਰਬਖਸ਼ਪੁਰੀ
ਤਰਨ ਤਾਰਨ, 19 ਅਕਤੂਬਰ
ਤਰਨ ਤਾਰਨ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਲਈ ਸਰਹਾਲੀ ਰੋਡ ਦੇ ਟੀ-ਪੁਆਇੰਟ ਤੇ ਦੋ ਮਹੀਨੇ ਪਹਿਲਾਂ ਹੀ ਸੂਬਾ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਰੱਖਿਆ ਉਦਘਾਟਨੀ ਪੱਥਰ ਟੁੱਟ ਕੇ ਜ਼ਮੀਨ ’ਤੇ ਜਾ ਪਿਆ ਹੈ| ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਡਿੱਗੇ ਹੋਏ ਪੱਥਰ ਦੀ ਮੁਰੰਮਤ ਤੱਕ ਕਰਵਾਉਣਾ ਵੀ ਠੀਕ ਨਹੀਂ ਸਮਝਿਆ ਗਿਆ। ਇਹ ਪੱਥਰ ਇਥੋਂ ਦੀ ਸਰਹਾਲੀ ਰੋਡ ਦੇ ਦੋਹਾਂ ਪਾਸਿਆਂ ਉੱਤੇ ਇੰਟਰਲਾਕਿੰਗ ਟਾਈਲਾਂ ਲਗਾਉਣ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਸ਼ਹਿਰ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੁਆਤ ਕਰਦਿਆਂ ਇਸ ਸਾਲ 14 ਅਗਸਤ ਨੂੰ ਰੱਖਿਆ ਸੀ| ਪੱਥਰ ਉੱਤੇ ਜਿਥੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਨਾਂ ਅੰਕਿਤ ਹੈ ਉਥੇ ਇਸ ਉੱਤੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐੱਸਡੀਐਮ-ਕਮ–ਪ੍ਰਬੰਧਕ ਨਗਰ ਕੌਂਸਲ ਰਜਨੀਸ਼ ਅਰੋੜਾ ਅਤੇ ਨਗਰ ਕੌਂਸਲ ਦੀ ਕਾਰਜ ਸਾਧਕ ਅਧਿਕਾਰੀ ਸ਼ਰਨਜੀਤ ਕੌਰ ਦਾ ਨਾਂ ਵੀ ਉਕਿਰਿਆ ਹੋਇਆ ਹੈ| ਇਸ ਟੀ-ਪੁਆਇੰਟ ਉੱਤੇ ਕੰਮ ਕਰਦੇ ਦੁਕਾਨਦਾਰ ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਕੁਝ ਦਿਨ ਇਸ ਪੱਥਰ ਦੇ ਡਿੱਗਣ ਬਾਰੇ ਉਨ੍ਹਾਂ ਨੂੰ ਉਸ ਵੇਲੇ ਹੀ ਪਤਾ ਲੱਗਾ ਜਦੋਂ ਉਹ ਸਵੇਰ ਵੇਲੇ ਕੰਮਾਂ ਉੱਤੇ ਆਏ| ਦੁਕਾਨਦਾਰਾਂ ਨੇ ਕਿਹਾ ਕਿ ਇਸ ਪੱਥਰ ਦੀ ਉਸਾਰੀ ਲਈ ਮਟੀਰੀਅਲ ਵੀ ਸ਼ਹਿਰ ਦੇ ਹੋਰਨਾਂ ਕੰਮਾਂ ਦੀ ਤਰ੍ਹਾਂ ਮਾੜਾ ਹੀ ਵਰਤਿਆ ਗਿਆ ਹੈ| ਇਸ ਸਬੰਧੀ ਅਧਿਕਾਰੀ ਰਜਨੀਸ਼ ਅਰੋੜਾ ਅਤੇ ਸ਼ਰਨਜੀਤ ਕੌਰ ਨੇ ਆਮ ਵਾਂਗਰਾਂ ਕੋਈ ਜਵਾਬ ਦੇਣਾ ਉਚਿੱਤ ਨਹੀਂ ਸਮਝਿਆ|