ਅੰਮ੍ਰਿਤਸਰ: ਜਨਵਾਦੀ ਲੇਖਕ ਸੰਘ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਰੰਭੀ ਲੇਖਕਾਂ ਸੰਗ ਸੰਵਾਦ ਸਮਾਗਮਾਂ ਦੀ ਲੜੀ ਤਹਿਤ ਅੱਜ ਪੱਤਰਕਾਰ ਤੇ ਕਾਲਮ ਨਵੀਸ ਮਨਮੋਹਨ ਸਿੰਘ ਢਿੱਲੋਂ ਦੀ ਨਵ-ਪ੍ਰਕਾਸ਼ਿਤ ਸਫਰਨਾਮਾ ਪੁਸਤਕ ਜ਼ਬੰਦੇ ਦੀ ਵੁੱਕਤ ਐ ਜਿਥੇਜ਼ ਲੋਕ ਅਰਪਣ ਕੀਤੀ ਗਈ। ਸੰਖੇਪ ਪਰ ਅਰਥ ਭਰਪੂਰ ਇਸ ਸਮਾਗਮ ਵਿਚ ਕੇਂਦਰੀ ਸਭਾ ਦੇ ਸਕਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਪੁਸਤਕ ਬਾਰੇ ਜਾਣ ਪਛਾਣ ਸਾਂਝੀ ਕਰਦਿਆਂ ਦੱਸਿਆ ਕਿ ਇਸ ਜਾਣਕਾਰੀ ਭਰਪੂਰ ਪੁਸਤਕ ਵਿਚ ਅਸਟ੍ਰੇਲੀਆ ਵਰਗੇ ਵਿਕਾਸਸ਼ੀਲ ਮੁਲਕ ਦੀ ਭੂਗੋਲਿਕ, ਸਭਿਆਚਾਰਕ ਅਤੇ ਸਮਾਜਿਕ ਜੀਵਨ ਜਾਚ ਉਤੇ ਉਚ ਪਾਏ ਦੀ ਅੰਤਰ ਝਾਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਹਰਮਿੰਦਰ ਸਿੰਘ ਟੀਨਾ ਨੇ ਕਿਹਾ ਕਿ ਵਿਦੇਸ਼ੀ ਚਕਾਚੌਂਧ ਅਤੇ ਪਰਵਾਸ ਹੰਢਾਉਂਦੀ ਪੀੜੀ ਵਰਗੇ ਵਿਸ਼ਿਆਂ ਤੋਂ ਹਟ ਕੇ ਲਿਖੀ ਇਹ ਪੁਸਤਕ ਖੋਜ ਵਿਦਿਆਰਥੀਆਂ ਲਈ ਮਹੱਤਵਪੂਰਨ ਭੂਮਿਕਾ ਨਿਭਾਏਗੀ । ਡਾ. ਮੋਹਨ, ਹਰਪਾਲ ਸਿੰਘ ਨਾਗਰਾ ਅਤੇ ਹਰਜੀਤ ਸੰਧੂ ਨੇ ਮਨਮੋਹਨ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੇਖਕ ਕੋਲ ਉੱਤਮ ਦਰਜੇ ਦੀ ਵਾਰਤਕ ਦਾ ਗਹਿਰਾ ਅਨੁਭਵ ਹੈ। ਜਸਵੰਤ ਸਿੰਘ ਜੱਸ, ਕੁਲਜੀਤ ਵੇਰਕਾ ਅਤੇ ਜਗਤਾਰ ਸਿੰਘ ਲਾਂਬਾ ਨੇ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਅਤੇ ਪੁਸਤਕਾਂ ਮਾਤ ਭਾਸ਼ਾ ਦੀ ਤਰੱਕੀ ਦਾ ਸਬੱਬ ਬਣਦੀਆਂ ਹਨ। ਡਾ ਸੁਰੇਸ਼ ਚੌਹਾਨ, ਡੀ ਐਸ ਰਟੌਲ, ਮਹਿੰਦਰ ਸਿੰਘ ਢਿੱਲੋਂ, ਕੁਲਦੀਪ ਸਿੰਘ ਅਜਾਦ ਬੁੱਕ ਅਤੇ ਭਗਵੰਤ ਸਿੰਘ ਨੇ ਵੀ ਮਨਮੋਹਨ ਢਿੱਲੋਂ ਹੁਰਾਂ ਨੂੰ ਮੁਬਾਰਕਬਾਦ ਦਿੱਤੀ। ਆਏ ਮਹਿਮਾਨਾਂ ਦਾ ਧੰਨਵਾਦ ਡਾ ਕਸ਼ਮੀਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। -ਟਨਸ