ਆਤਿਸ਼ ਗੁਪਤਾ
ਚੰਡੀਗੜ੍ਹ, 19 ਅਕਤੂਬਰ
ਚੰਡੀਗੜ੍ਹ ਵਿੱਚ ਦਸੰਬਰ ’ਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਬਿਗੁਲ ਵੱਜ ਗਿਆ ਹੈ। ਇਸ ਵਾਰ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ’ਚ ਤਿਕੋਣਾ ਮੁਕਾਬਲਾ ਹੋਵੇਗਾ। ਚੰਡੀਗੜ੍ਹ ਦੇ ਚੋਣ ਕਮਿਸ਼ਨ ਨੇ ਸ਼ਹਿਰ ਦੇ 35 ਵਾਰਡਾਂ ਵਿੱਚੋਂ ਰਾਖਵੇ ਵਾਰਡਾਂ ਲਈ ਡਰਾਅ ਕੱਢੇ ਗਏ ਹਨ ਜਿਸ ਵਿੱਚ 9 ਵਾਰਡ ਜਨਰਲ ਵਰਗ ਦੀਆਂ ਔਰਤਾਂ, 3 ਵਾਰਡ ਅਨੁਸੂਚਿਤ ਵਰਗ ਨਾਲ ਸਬੰਧਤ ਔਰਤਾਂ ਅਤੇ 7 ਵਾਰਡ ਅਨੁਸੂਚਿਤ ਵਰਗ ਦੇ ਉਮੀਦਵਾਰਾਂ ਲਈ ਰਾਖਵੇਂ ਰੱਖੇ ਗਏ ਹਨ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਮੌਜੂਦ ਰਹੇ।
ਚੋਣ ਕਮਿਸ਼ਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰਬਰ 1, 4, 5, 6, 9, 10, 18, 22 ਅਤੇ 23 ਨੂੰ ਜਨਰਲ ਵਰਗ ਦੀਆਂ ਔਰਤਾਂ ਲਈ ਰਾਖਵੇ ਰੱਖੇ ਗਏ ਹਨ। ਅਨੁਸੂਚਿਤ ਵਰਗ ਨਾਲ ਸਬੰਧਤ ਉਮੀਦਵਾਰਾਂ ਲਈ ਵਾਰਡ ਨੰਬਰ 7, 16, 19, 24, 26, 28 ਅਤੇ 31 ਨੂੰ ਰਾਖਵਾਂ ਰੱਖਿਆ ਗਿਆ ਹੈ ਜਿਸ ਵਿੱਚੋਂ ਵਾਰਡ ਨੰਬਰ 16, 19 ਅਤੇ 28 ਨੂੰ ਅਨੁਸੂਚਿਤ ਵਰਗ ਨਾਲ ਸਬੰਧਤ ਔਰਤਾਂ ਲਈ ਰਾਖਵਾਂ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵਾਰਡ ਨੰਬਰ 2, 3, 8, 11, 12, 13, 14, 15, 17, 20, 21, 25, 27, 29, 30, 32, 33, 34 ਅਤੇ 35 ਜਨਰਲ ਵਾਰਡ ਹੋਣਗੇ। ਚੋਣ ਕਮਿਸ਼ਨਰ ਐੱਸ ਕੇ ਸ਼੍ਰੀਵਾਸਤਵ ਨੇ ਦੱਸਿਆ ਕਿ ਸਾਲ 2011 ਦੀ ਜਨਗਨਣਾ ਦੇ ਆਧਾਰ ’ਤੇ ਸ਼ਹਿਰ ’ਚ ਅਨੁਸੂਚਿਤ ਵਰਗ ਦੇ ਲੋਕਾਂ ਅਬਾਦੀ 18.86 ਫ਼ੀਸਦੀ ਹੈ ਜਿਸ ਅਨੁਸਾਰ ਸ਼ਹਿਰ ’ਚ 6.69 ਫ਼ੀਸਦੀ ਵਾਰਡ ਅਨੁਸੂਚਿਤ ਵਰਗ ਦੇ ਬਣਦੇ ਹਨ। ਉਨ੍ਹਾਂ ਦੱਸਿਆ ਕਿ ਆਬਾਦੀ ਅਨੁਸਾਰ 7 ਵਾਰਡਾਂ ਨੂੰ ਅਨੁਸੂਚਿਤ ਵਰਗ ਲਈ ਰਾਖਵਾਂ ਰੱਖਿਆ ਹੈ।
ਯੂਟੀ ਦੇ ਚੋਣ ਕਮਿਸ਼ਨ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਸਾਰਾ ਕੰਮ-ਕਾਜ 31 ਦਸੰਬਰ 2021 ਤੋਂ ਪਹਿਲਾਂ-ਪਹਿਲਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਨਗਰ ਨਿਗਮ ਅਧੀਨ 13 ਪਿੰਡਾਂ ਦੇ ਆਉਣ ਕਰਕੇ ਵਾਰਡਾਂ ਦੀ ਗਿਣਤੀ ਵਧਾ ਕੇ 35 ਕਰ ਦਿੱਤੀ ਗਈ ਹੈ। ਉੱਧਰ ਵਾਰਡਾਂ ਦੇ ਵਧਣ ’ਤੇ ਪੋਲਿੰਗ ਬੂਥਾਂ ਦੀ ਗਿਣਤੀ ਵੀ 445 ਤੋਂ ਵਧਾ ਕੇ 700 ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਨਵੰਬਰ 2021 ਦੇ ਅਖੀਰ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਅਤੇ ਦਸੰਬਰ ਦੇ ਅੱਧ ਤੱਕ ਚੋਣਾਂ ਕਰਵਾ ਸਕਦਾ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣਾਂ ਦੀ ਤਰੀਕ ਦਾ ਐਲਾਨ ਵੀ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ
ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਚੋਣ ਕਮਿਸ਼ਨ ਵੱਲੋਂ ਅਨੁਸੂਚਿਤ ਜਾਤੀ ਵਰਗ ਨੂੰ ਸਾਲ 2011 ਦੀ ਆਬਾਦੀ ਅਨੁਸਾਰ ਰਾਖਵਾਂ ਰੱਖਣ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਕਈ ਕਲੋਨੀ ਸ਼ਿਫਟ ਹੋ ਚੁੱਕੀਆਂ ਹਨ। ਅਜਿਹੀ ਹਾਲਤ ’ਚ ਸਾਲ 2011 ਦੀ ਅਬਾਦੀ ਅਨੁਸਾਰ ਵਾਰਡਾਂ ਨੂੰ ਰਾਖਵਾਂ ਰੱਖਣਾ ਗਲਤ ਹੈ। ‘ਆਪ’ ਆਗੂ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਅਬਾਦੀ ਦੀ ਨਵੀਂ ਸੂਚੀ ਅਨੁਸਾਰ ਵਾਰਡਾਂ ਨੂੰ ਰਾਖਵਾਂ ਰੱਖਣਾ ਚਾਹੀਦਾ ਸੀ।
ਭਾਜਪਾ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰੇਗੀ: ਸੂਦ
ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਹਮਣੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਹਨ। ‘ਆਪ’ ਹਾਰ ਦੇ ਡਰ ਤੋਂ ਅਜਿਹੇ ਸਵਾਲ ਖੜ੍ਹੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ’ਚ ਸਾਰੇ 35 ਵਾਰਡਾਂ ’ਤੇ ਭਾਜਪਾ ਜਿੱਤ ਹਾਸਲ ਕਰੇਗੀ।
ਚੰਡੀਗੜ੍ਹ ਕਾਂਗਰਸ ਨੇ ਕਮਰ ਕੱਸੀ
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਚੋਣ ਕਮਿਸ਼ਨ ਨੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਹਨ ਤੇ ਉਨ੍ਹਾਂ ਦਾ ਫ਼ੈਸਲਾ ਪਾਰਟੀ ਨੂੰ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਲਈ ਕਾਂਗਰਸ ਪਾਰਟ ਪੂਰੀ ਤਰ੍ਹਾਂ ਤਿਆਰ ਹੈ।