ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਕਤੂਬਰ
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ ਜਦਕਿ ਫ਼ਿਰਕੂ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੀ ਅਤੇ ਇਸਲਾਮ ਧਰਮ ਦੇ ਖ਼ਿਲਾਫ਼ ਨਿੰਦਣਯੋਗ ਗੱਲਾਂ ਇਨਸਾਨੀਅਤ ਲਈ ਸ਼ਰਮਨਾਕ ਹਨ। ਉਹ ਅੱਜ ਜਾਮਾ ਮਸਜਿਦ ਅਤੇ ਗਨੇਸ਼ ਨਗਰ ਵਿੱਚ 12 ਵਫਾਤ ਦੇ ਇਤਿਹਾਸਕ ਦਿਹਾੜੇ ਮੌਕੇ ਮੁਸਲਮਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 12 ਰਬੀ-ਉਲ-ਅੱਵਲ ਦੇ ਦਿਨ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀਵਸੱਲਮ ਦਾ ਜਨਮ ਹੋਇਆ ਅਤੇ 63 ਸਾਲ ਤੱਕ ਸੰਸਾਰ ਵਿੱਚ ਇਨਸਾਨੀਅਤ ਨੂੰ ਪਿਆਰ-ਮੁਹੱਬਤ ਅਤੇ ਆਪਸੀ ਭਾਈਚਾਰੇ ਦਾ ਪਾਠ ਪੜ੍ਹਾ ਕੇ ਅੱਜ ਦੇ ਦਿਨ ਹੀ ਅੱਲਾ ਤਆਲਾ ਦੇ ਕੋਲ ਵਾਪਸ ਪਰਤ ਗਏ ਸਨ। ਸ਼ਾਹੀ ਇਮਾਮ ਨੇ ਕਿਹਾ ਕਿ 1400 ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ ਦੀ ਕਿਰਨ ਹਨ। ਇਸ ਮੌਕੇ ਮੌਲਾਨਾ ਮੁਹੰਮਦ ਇਬਰਾਹਿਮ ਸਹਿਤ, ਮੌਲਾਨਾ ਮੋਹਤਰਮ, ਗੁਲਾਮ ਹਸਨ ਕੈਸਰ ਅਤੇ ਮੁਹੰਮਦ ਮੁਸਤਕੀਮ ਵੀ ਹਾਜ਼ਰ ਸਨ।