ਪੱਤਰ ਪ੍ਰੇਰਕ
ਮਾਨਸਾ, 19 ਅਕਤੂਬਰ
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਪਟਾਖ਼ੇ ਵੇਚਣ ਲਈ ਆਰਜ਼ੀ ਆਗਿਆ ਲੈਣ ਸਬੰਧੀ ਹੁਣ ਸੇਵਾ ਕੇਂਦਰਾਂ ਵਿੱਚ ਵੀ ਦਰਖ਼ਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਰਵਿਸ ਸੇਵਾ ਕੇਂਦਰਾਂ ਵਿੱਚ ਪ੍ਰਾਰਥੀ ਵੱਲੋਂ ਆਫ਼-ਲਾਈਨ ਮੋਡ ਵਿੱਚ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਗਵਰਨੈਂਸ ਰਿਫੋਰਮਜ਼ ਐਂਡ ਪਬਲਿਕ ਗ੍ਰੀਵੈਂਸ ਵਿਭਾਗ ਦੇ ਪੀ.ਐਸ.ਈ.ਜੀ.ਐਸ. ਵੱਲੋਂ ਈ-ਸੇਵਾ ਪੋਰਟਲ ’ਤੇ ਤਿਆਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਰਥੀ ਸੇਵਾ ਕੇਂਦਰ ਵਿੱਚ ਆਕੇ ਆਪਣੀ ਦਰਖ਼ਾਸਤ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦਰਖ਼ਾਸਤ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ ਸ਼ਨਾਖ਼ਤੀ ਕਾਰਡ ਅਤੇ ਸਵੈ-ਘੋਸ਼ਣਾ ਪੱਤਰ ਨਾਲ ਨੱਥੀ ਕਰਨਾ ਯਕੀਨੀ ਬਣਾਇਆ ਜਾਵੇ।