ਜੋਗਿੰਦਰ ਸਿੰਘ ਮਾਨ
ਮਾਨਸਾ, 17 ਮਾਰਚ
ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗੁਲਾਬੀ ਸੁੰਡੀ ਦੇ ਲਾਰਵੇ ਨੂੰ ਲੱਭਣ ਲਈ ਹੁਣ ਵੜੇਵਿਆਂ ਦਾ ਤੇਲ ਕੱਢਣ ਵਾਲੀਆਂ ਮਿੱਲਾਂ ਤੱਕ ਪਹੁੰਚ ਕਰਨ ਲੱਗੇ ਹਨ। ਖੇਤੀ ਅਧਿਕਾਰੀਆਂ ਨੇ ਮਿੱਲਾਂ ਦੇ ਮਾਲਕਾਂ ਨੂੰ ਦੱਸਿਆ ਕਿ ਨਰਮੇ ਦੀ ਫ਼ਸਲ ਦਾ ਪਿਛਲੇ ਸਾਲ ਗੁਲਾਬੀ ਸੁੰਡੀ ਨੇ ਬਹੁਤ ਨੁਕਸਾਨ ਕੀਤਾ ਸੀ, ਇਸ ਲਈ ਨਵੀਂ ਨਰਮੇ ਦੀ ਖੇਤੀ ਨੂੰ ਬਚਾਉਣ ਲਈ ਪਿਛਲੇ ਵਰ੍ਹੇ ਦੇ ਪਏ ਲਾਰਵੇ ਨੂੰ ਹੁਣ ਖ਼ਤਮ ਕੀਤਾ ਜਾਵੇ।
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਲਾਰਵੇ ਹੁਣ ਵੜੇਵਿਆਂ ਵਿੱਚ ਅਤੇ ਇਸ ਦੀ ਰਹਿੰਦ-ਖੂੰਹਦ ਵਿੱਚ ਮੌਜੂਦ ਹਨ ਅਤੇ ਇਹ ਸੁੰਡੀਆਂ ਨਰਮੇ ਦੀ ਫ਼ਸਲ ਦੀ ਬਿਜਾਈ ਉਪਰੰਤ ਫਸਲ ਦਾ ਨੁਕਸਾਨ ਕਰਦੀਆਂ ਹਨ। ਇਸ ਲਈ ਉਨ੍ਹਾਂ ਨੇ ਫੈਕਟਰੀਆਂ ਦੇ ਮਾਲਕਾਂ ਨੂੰ ਵੜੇਵਿਆਂ ਦੇ ਢੇਰਾਂ ਅਤੇ ਹੋਰ ਥਾਵਾਂ ’ਤੇ ਫਯੂਮੀਗੇਸ਼ਨ (ਧੂਣੀਕਰਨ) ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਰਮੇ ਦੀਆਂ ਛਟੀਆਂ ਵਿੱਚ ਅਧਖਿੜੇ ਟੀਂਡਿਆਂ ਵਿੱਚ ਵੀ ਗੁਲਾਬੀ ਸੁੰਡੀ ਦੇ ਲਾਰਵੇ ਪਾਏ ਗਏ ਹਨ, ਇਸ ਲਈ ਇਨ੍ਹਾਂ ਟੀਂਡਿਆਂ ਨੂੰ ਛਟੀਆਂ ਨਾਲੋਂ ਝਾੜ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਸਮੇਂ, ਜੋ ਸੁੰਡੀ ਨਰਮੇ ਦੀਆਂ ਛਟੀਆਂ ਵਿੱਚ ਹੈ, ਉਹ ਸੁੰਡੀ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਕਰਦੀ, ਇਸ ਲਈ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀ ਹੈ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਭੀਖੀ ਡਾ. ਹਰਵਿੰਦਰ ਸਿੰਘ, ਡਿਪਟੀ ਪ੍ਰਾਜੈਕਟ ਡਾਇਰੈਕਟਰ (ਆਤਮਾ) ਡਾ. ਚਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਮਾਨਸਾ ਡਾ.ਸੁਖਜਿੰਦਰ ਸਿੰਘ ਵੀ ਮੌਜੂਦ ਸਨ।