ਪੱਤਰ ਪ੍ਰੇਰਕ
ਮਾਨਸਾ, 17 ਮਾਰਚ
ਪੰਜਾਬ ਵਿੱਚ ਬਦਲੀ ਹੋਈ ਸਿਆਸੀ ਫਿਜ਼ਾ ਤੋਂ ਬਾਅਦ ਹੁਣ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਰਾਜ ਦੇ ਸਮੂਹ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਹਦਾਇਤ ਕੀਤੀ ਹੈ ਕਿ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦੀ ਦਾ ਧਿਆਨ ਰੱਖਿਆ ਜਾਵੇ ਅਤੇ ਹਸਪਤਾਲਾਂ ਦੀ ਸਾਫ਼-ਸਫ਼ਾਈ ਵੱਲ ਖਾਸ ਤੌਰ ’ਤੇ ਗੌਰ ਕੀਤੀ ਜਾਵੇ। ਦਿਲਚਸਪ ਗੱਲ ਹੈ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਵੱਲੋਂ ਇਹ ਪੱਤਰ ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਪਲੇਠੇ ਇਜਲਾਸ ਵਾਲੇ ਦਿਨ (ਵੀਰਵਾਰ) ਨੂੰ ਜਾਰੀ ਕੀਤਾ ਗਿਆ ਹੈ, ਜਿਸ ਨੂੰ ਨਵੀਂ ਸਰਕਾਰ ਦੀ ਹਦਾਇਤ ਵਜੋਂ ਵੇਖਿਆ ਜਾਣ ਲੱਗਿਆ ਹੈ। ਡਾਇਰੈਕਟੋਰੇਟ ਵੱਲੋਂ ਅੱਜ 17 ਮਾਰਚ ਨੂੰ ਲਿਖੇ ਗਏ ਪੱਤਰ ਅਨੁਸਾਰ ਹਦਾਇਤ ਕੀਤੀ ਗਈ ਹੈ ਕਿ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਮੁਫ਼ਤ ਟੈਸਟ ਅਤੇ ਦਵਾਈਆਂ ਉਪਲਬੱਧ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਸਟਾਫ਼ ਨੂੰ ਵਰਦੀ ਨਿਰਧਾਰਿਤ ਕੀਤੀ ਗਈ ਹੈ, ਉਹ ਪਾਉਣੀ ਲਾਜ਼ਮੀ ਕੀਤੀ ਜਾਵੇ। ਇਸ ਤੋਂ ਇਲਾਵਾ ਸਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵਿਚੋਂ ਜਿਹੜਿਆਂ ਨੂੰ ਚਿੱਟਾ ਕੋਟ ਪਾਉਣਾ ਜ਼ਰੂਰੀ ਕੀਤਾ ਗਿਆ ਹੈ, ਉਹ ਵੀ ਯਕੀਨੀ ਬਣਾਇਆ ਜਾਵੇ, ਜਦੋਂ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸ਼ਨਾਖ਼ਤੀ ਕਾਰਡ ਲਗਾਏ ਹੋਣੇ ਬੇਹੱਦ ਜ਼ਰੂਰੀ ਹਨ। ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਲੀਮੀ ਦਾ ਵਤੀਰਾ ਰੱਖਿਆ ਜਾਵੇ।