ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 1 ਨਵੰਬਰ
ਪੰਜਾਬ-ਹਰਿਆਣਾ ਦੀ ਸਰਹੱਦ ਰਾਹੀਂ ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਦਾਖ਼ਲ ਹੋਏ ਚੌਲਾਂ ਦੇ ਭਰੇ ਦੋ ਟਰਾਲੇ ਕਿਸਾਨਾਂ ਨੇ ਫੜੇ ਹਨ, ਜਿਨ੍ਹਾਂ ਲੱਦੇ ਮਾਲ ਦੀ ਕੀਮਤ ਲਗਪਗ 20 ਲੱਖ ਦੱਸੀ ਜਾ ਰਹੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਮੀਤ ਪ੍ਰਧਾਨ ਜਗਵੇਵ ਸਿੰਘ ਮਹਿਤਾ, ਪ੍ਰੈੱਸ ਸਕੱਤਰ ਬਲਜੀਤ ਸਿੰਘ ਗੁਰਥੜੀ ਅਤੇ ਜਗਦੀਸ਼ ਸਿੰਘ ਦੁੱਨੇਵਾਲਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਅਕਬਰਪੁਰ ਜ਼ਿਲ੍ਹਾ ਲਖਨਊ ਤੋਂ ਆਏ ਦੋ ਘੋੜੇ ਟਰਾਲਿਆਂ ਨੂੰ ਘੇਰ ਕੇ ਉਨ੍ਹਾਂ ਵੱਲੋਂ ਮਾਰਕੀਟ ਕਮੇਟੀ ਸੰਗਤ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਥਾਣਾ ਸੰਗਤ ਦੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪੁੱਜੇ ਮਾਰਕੀਟ ਕਮੇਟੀ ਸੰਗਤ ਦੇ ਸਕੱਤਰ ਸੁਖਜੀਵਨ ਸਿੰਘ, ਲੇਖਾਕਾਰ ਨਰੇਸ਼ ਗੋਇਲ ਅਤੇ ਫੂਡ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਅੰਮ੍ਰਿਤਪਾਲ ਸਿੰਘ ਵੱਲੋਂ ਟਰਾਲਿਆਂ ਦੀ ਜਾਂਚ ਗਈ ਤਾਂ ਉਨ੍ਹਾਂ ਵਿੱਚ ਚੌਲ ਭਰੇ ਹੋਣ ਦਾ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਟਰਾਲਾ ਚਾਲਕਾਂ ਵੱਲੋਂ ਇਹ ਚੌਲਾਂ ਨਾਲ ਭਰੇ ਟਰਾਲੇ ਮਛਾਣਾ ਨੇੜੇ ਸਥਿਤ ਬੀਸੀਐੱਲ ਸ਼ਰਾਬ ਫੈਕਟਰੀ ’ਚ ਲਿਜਾਏ ਜਾਣ ਦੀਆਂ ਬਿਲਟੀਆਂ ਦਿਖਾਈਆਂ ਗਈਆਂ ਪਰ ਬਿਲਟੀਆਂ ਨਾਲ ਮੰਡੀ ਬੋਰਡ ਦਾ ਟੋਕਨ ਮੌਜੂਦ ਨਹੀਂ ਸੀ ਜਿਸ ਕਾਰਨ ਇਹ ਟਰਾਲੇ ਗੈਰ-ਕਾਨੂੰਨੀ ਪਾਏ ਗਏ। ਇਸ ਦੌਰਾਨ ਥਾਣਾ ਸੰਗਤ ਦੇ ਇੰਸਪੈਕਟਰ ਧਰਵਿੰਦਰਪਾਲ ਸ਼ਰਮਾ ਅਤੇ ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ। ਕਿਸਾਨਾਂ ਵੱਲੋਂ ਫੜੇ ਗਏ ਚੌਲਾਂ ਦੇ ਟਰਾਲਿਆਂ ’ਤੇ 5-6 ਘੰਟੇ ਬੀਤਣ ’ਤੇ ਵੀ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਕਿਸਾਨਾਂ ਵੱਲੋਂ ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਧਰਨੇ ਦੌਰਾਨ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀ ਫੈਕਟਰੀ ਮਾਲਕਾਂ ਨਾਲ ਮਿਲ ਕੇ ਮਾਮਲੇ ਨੂੰ ਰਫ਼ਾਦਫਾ ਕਰਨ ਦੀ ਫ਼ਿਰਾਕ ਵਿੱਚ ਸਨ। ਦੂਜੇ ਪਾਸੇ ਧਰਨੇ ਬਾਰੇ ਪਤਾ ਲੱਗਣ ’ਤੇ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਟਰਾਲੇ ਕਬਜ਼ੇ ’ਚ ਲੈ ਕੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਤੇ ਧਰਨਾ ਸਮਾਪਤ ਕਰਵਾਇਆ। ਸ਼ਰਾਬ ਫੈਕਟਰੀ ਬੀਸੀਐੱਲ ਦੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਭੁੱਲਰ ਨੇ ਟਰਾਲੇ ਫੈਕਟਰੀ ਮਾਲਕਾਂ ਦੇ ਹੋਣ ਤੋਂ ਇਨਕਾਰ ਕੀਤਾ ਹੈ। ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।