ਪੱਤਰ ਪ੍ਰੇਰਕ
ਫਗਵਾੜਾ, 17 ਮਾਰਚ
ਇਥੋਂ ਦੇ ਮੁਹੱਲਾ ਪੀਪਾਰੰਗੀ ’ਚ ਪਿਛਲੇ 35 ਦਿਨਾਂ ਤੋਂ ਕਤਲ ਕੇਸ ਦੇ ਫ਼ਰਾਰ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੀੜਤ ਪਰਿਵਾਰ ਨੂੰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਈ ਵਾਰ ਪੁਲੀਸ ਖ਼ਿਲਾਫ਼ ਥਾਣੇ ਅੱਗੇ ਧਰਨਾ ਵੀ ਦੇਣਾ ਪਿਆ ਸੀ। ਇਥੋਂ ਦੇ ਮੁਹੱਲਾ ਪੀਪਾਰੰਗੀ ਵਿੱਚ ਘਰ ’ਚੋਂ ਬਾਹਰ ਬੁਲਾ ਕੇ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੁਲਜ਼ਮਾਂ ਕੋਲੋਂ ਦੋ ਮੋਟਰਸਾਈਕਲ, ਪੰਜ ਦਾਤਰ, ਲੋਹਾ ਰਾਡ ਬਰਾਮਦ ਕੀਤੇ ਹਨ।
ਐੱਸ.ਪੀ. ਹਰਿੰਦਰਪਾਲ ਸਿੰਘ ਨੇ ਦੱਸਿਆ ਕਿ 9 ਫ਼ਰਵਰੀ ਨੂੰ ਅਜੈ ਕੁਮਾਰ ਉਰਫ਼ ਲੱਡੂ ਜੋ ਆਪਣੇ ਘਰ ਵਿੱਚ ਰੋਟੀ ਖਾਣ ਆਇਆ ਸੀ ਤਾਂ ਦੀਪਾ ਉਰਫ਼ ਅਮਨਦੀਪ ਪੁੱਤਰ ਲਹਿੰਬਰ ਰਾਮ ਵਾਸੀ ਸ਼ਿਵਪੁਰੀ ਫਗਵਾੜਾ ਉਸਨੂੰ ਬੁਲਾ ਕੇ ਘਰੋਂ ਬਾਹਰ ਲੈ ਗਿਆ। ਜਦੋਂ ਉਸਦਾ ਛੋਟਾ ਭਰਾ ਪਿੱਛੇ ਗਿਆ ਤਾਂ ਥੋੜ੍ਹੀ ਅੱਗੇ ਜਾ ਕੇ ਕੁਝ ਨੌਜਵਾਨਾਂ ਨੇ ਉਸ ’ਤੇ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਜਲੰਧਰ ਭੇਜ ਦਿੱਤਾ ਸੀ ਜਿਥੇ ਲੱਡੂ ਦੀ ਮੌਤ ਹੋ ਗਈ ਸੀ। ਪੁਲੀਸ ਨੇ ਕੇਸ ਦਰਜ ਕੀਤਾ ਸੀ। ਮ੍ਰਿਤਕ ਲੱਡੂ ਨੇ ਸੁਰੇਸ਼ ਚੁੰਬਰ ਉਰਫ਼ ਸੰਨੀ ਜੋ ਇਸ ਦਾ ਖਾਸ ਮਿੱਤਰ ਸੀ ਕੋਲੋਂ 15 ਹਜ਼ਾਰ ਰੁਪਏ ਉਧਾਰੇ ਲਏ ਹੋਏ ਸਨ। ਸੰਨੀ ਇਸ ਨੂੰ ਵਾਰ ਵਾਰ ਪੈਸਿਆਂ ਲਈ ਤੰਗ ਕਰ ਰਿਹਾ ਸੀ ਪਰ ਕੋਈ ਗੁੰਜਾਇਸ਼ ਨਾ ਹੋਣ ਕਰਕੇ ਉਹ ਪੈਸੇ ਨਹੀਂ ਦੇ ਰਿਹਾ ਸੀ ਜਿਸ ਕਰਕੇ ਸੰਨੀ ਨੇ ਆਪਣੇ ਦੋਸਤਾਂ ਨਾਲ ਬੀੜਪੁਆਦ ’ਚ ਇੱਕ ਮੋਟਰ ’ਤੇ ਇਕੱਠੇ ਹੋ ਕੇ ਇਹ ਵਿਅਕਤੀ ਤਿੰਨ ਮੋਟਰਸਾਈਕਲਾਂ ’ਤੇ ਆਏ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ 8 ਫ਼ਰਵਰੀ ਨੂੰ ਸੁਰੇਸ਼ ਦੀ ਲੱਡੂ ਨਾਲ ਕਾਫ਼ੀ ਬਹਿਸ ਹੋਈ ਸੀ ਜਿਸ ਰੰਜਿਸ਼ ਤਹਿਤ 9 ਫਰਵਰੀ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਸੁਰੇਸ਼ ਚੁੰਬਰ ਉਰਫ਼ ਸੰਨੀ ਪੁੱਤਰ ਲੇਟ ਕਸ਼ਮੀਰੀ ਲਾਲ ਵਾਸੀ ਜੱਸੋਮਜਾਰਾ ਥਾਣਾ ਬਹਿਰਾਮ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਸੁਖਰਾਜ ਸਿੰਘ ਉਰਫ਼ ਸੁੱਖਾ ਪੁੱਤਰ ਇਕਬਾਲ ਸਿੰਘ ਵਾਸੀ ਜੱਸੋਮਜਾਰਾ, ਕਰਨਵੀਰ ਸਿੰਘ ਉਰਫ਼ ਕਰਨ ਪੁੱਤਰ ਦਲਬੀਰ ਸਿੰਘ ਵਾਸੀ ਜੱਸੋਮਜਾਰਾ, ਗੁਰਪ੍ਰੀਤ ਸਿੰਘ ਉਰਫ਼ ਗੋਰਵ ਉਰਫ਼ ਗੋਰੀ ਪੁੱਤਰ ਲੇਟ ਅਵਤਾਰ ਸਿੰਘ ਵਾਸੀ ਮੁਨਾ, ਹਰਜੋਤ ਸਿੰਘ ਉਰਫ਼ ਜੋਤ ਪੁੱਤਰ ਮੱਖਣ ਸਿੰਘ ਵਾਸੀ ਫ਼ਰਾਲਾ ਨੂੰ ਕਾਬੂ ਕੀਤਾ ਹੈ।