ਜੀਵਨ ਕ੍ਰਾਂਤੀ
ਝੁਨੀਰ, 19 ਅਕਤੂਬਰ
ਇਥੇ ਭਾਰਤ ਬੰਦ ਦੇ ਸੱਦੇ ਦੌਰਾਨ 27 ਸਤੰਬਰ ਨੂੰ ਲਗਾਏ ਧਰਨੇ ਦੌਰਾਨ ਥਾਣਾ ਇੰਚਾਰਜ ਵੱਲੋਂ ਕਿਸਾਨਾਂ ਦੇ ਧਰਨੇ ਵਿਚਕਾਰੋਂ ਗੱਡੀ ਲੰਘਾ ਕੇ ਲੈ ਜਾਣ ਦੇ ਰੋਸ ਵਜੋਂ ਕਿਸਾਨਾਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਕਿਸਾਨ ਆਗੂ ਮਨਜੀਤ ਸਿੰਘ ਉਲਕ, ਸੀਪੀਆਈ ਆਗੂ ਕੁਲਵਿੰਦਰ ਸਿੰਘ ਉੱਡਤ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ ਨੇ ਕਿਹਾ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਦੇ ਸੱਦੇ ਨੂੰ ਲਾਗੂ ਕਰਨ ਦੇ ਲਈ ਸਿਰਸਾ-ਲੁਧਿਆਣਾ ਰੋਡ ਉੱਤੇ ਲੱਗਦੇ ਕਸਬਾ ਝੁਨੀਰ ਵਿੱਚ ਸੜਕੀ ਆਵਾਜਾਈ ਠੱਪ ਕੀਤੀ ਹੋਈ ਸੀ। ਇਸ ਦੌਰਾਨ ਥਾਣਾ ਇੰਚਾਰਜ ਨੇ ਧਰਨੇ ਦੇ ਵਿਚਕਾਰੋਂ ਗੱਡੀ ਲੰਘਾਈ। ਇਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਸਐੱਚਓ ਵੱਲੋਂ ਇਸ ਬਾਰੇ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਅੱਜ ਥਾਣੇ ਦਾ ਘਿਰਾਓ ਕੀਤਾ ਗਿਆ ਹੈ।