ਸੰਯੁਕਤ ਰਾਸ਼ਟਰ, 1 ਨਵੰਬਰ
ਭਾਰਤ ਦਾ ਕਹਿਣਾ ਹੈ ਕਿ ਕਾਲਾ ਸਾਗਰ ਅਨਾਜ ਪਹਿਲਕਦਮੀ ਦੀ ਮੁਅੱਤਲੀ ਨਾਲ ਕੁੱਲ ਆਲਮ ਖਾਸ ਕਰਕੇ ਦੱਖਣੀ ਮੁਲਕਾਂ ਨੂੰ ਖੁਰਾਕ ਸੁਰੱਖਿਆ, ਈਂਧਣ ਤੇ ਫਰਟੀਲਾਈਜ਼ਰ ਦੀ ਸਪਲਾਈ ਨਾਲ ਜੁੜੀ ਚੁਣੌਤੀਆਂ ਨਾਲ ਵਧੇਰੇ ਦੋ-ਚਾਰ ਹੋਣਾ ਪਏਗਾ। ਇਹ ਪਹਿਲਕਦਮੀ, ਜੋ ਸੰਯੁਕਤ ਰਾਸ਼ਟਰ ਦੇ ਯਤਨਾਂ ਨਾਲ ਅਮਲ ਵਿੱਚ ਆਈ ਸੀ, ਤਹਿਤ ਯੂਕਰੇਨ ਤੋਂ ਹੋਰਨਾਂ ਮੁਲਕਾਂ ਨੂੰ ਖੁਰਾਕੀ ਵਸਤਾਂ ਦੀ ਬਰਾਮਦ ਹੁੰਦੀ ਸੀ, ਪਰ ਰੂਸ ਨਾਲ ਜਾਰੀ ਟਕਰਾਅ ਕਰਕੇ ਇਸ ’ਤੇ ਵੱਡਾ ਅਸਰ ਪਿਆ ਹੈ।
ਯੂਐੱਨ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਆਰ.ਮਧੂਸੂਦਨ ਨੇ ਕਿਹਾ ਕਿ ਅਨਾਜ ਪਹਿਲਕਦਮੀ ਦਾ ਮੁੱਖ ਮੰਤਵ ਆਲਮੀ ਖੁਰਾਕੀ ਸੰਕਟ ਤੋਂ ਨਿਜਾਤ ਪਾਉਣਾ ਤੇ ਖੁਰਾਕੀ ਸੁਰੱਖਿਆ ਯਕੀਨੀ ਬਣਾਉਣਾ ਸੀ। ਇਸ ਪਹਿਲਕਦਮੀ ਦੇ ਨਤੀਜੇ ਵਜੋਂ ਯੂਕਰੇਨ ਤੋਂ ਬਾਹਰ 9 ਮਿਲੀਅਨ ਟਨ ਤੋਂ ਵੱਧ ਦੇ ਅਨਾਜ ਤੇ ਹੋਰ ਖੁਰਾਕੀ ਉਤਪਾਦਾਂ ਦੀ ਬਰਾਮਦ ਕੀਤੀ ਗਈ ਹੈ। ਸਲਾਮਤੀ ਕੌਂਸਲ ਵਿੱਚ ਕਾਲਾ ਸਾਗਰ ਅਨਾਜ ਪਹਿਲਕਦਮੀ ਬਾਰੇ ਸੰਖੇਪ ਵਿਚਾਰ ਚਰਚਾ ਦੌਰਾਨ ਮਧੂ ਸੂਦਨ ਨੇ ਕਿਹਾ, ‘‘ਕਾਲਾ ਸਾਗਰ ਅਨਾਜ ਪਹਿਲਕਦਮੀ ਤੇ ਸਬੰਧਤ ਧਿਰਾਂ ਦੇ ਸਹਿਯੋਗ ਨੇ ਹੁਣ ਤੱਕ ਯੂਕਰੇਨ ਨੂੰ ਅਮਨ ਦੀ ਛੋਟੀ ਜਿਹੀ ਆਸ ਦਿੱਤੀ ਹੈ…ਸਾਡਾ ਮੰਨਣਾ ਹੈ ਕਿ ਇਸ ਪਹਿਲਕਦਮੀ ਦੀ ਮੁਅੱਤਲੀ ਨਾਲ ਕੁੱਲ ਆਲਮ ਖਾਸ ਕਰਕੇ ਦੱਖਣੀ ਮੁਲਕਾਂ ਨੂੰ ਖੁਰਾਕ ਸੁਰੱਖਿਆ, ਈਂਧਣ ਤੇ ਫਰਟੀਲਾਈਜ਼ਰ ਸਪਲਾਈ ਜਿਹੀਆਂ ਦਰਪੇਸ਼ ਚੁਣੌਤੀਆਂ ਹੋਰ ਵਧਣਗੀਆਂ।’’ ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨੂੰ ਨਵਿਆਉਣ ਤੇ ਮੁਕੰਮਲ ਰੂਪ ਵਿੱਚ ਲਾਗੂ ਕਰਨ ਲਈ ਯੂਐੱਨ ਮੁਖੀ ਅੰਤੋਨੀਓ ਗੁਟੇਰੇਜ਼ ਦੇ ਦਖ਼ਲ ਦੀ ਭਾਰਤ ਹਮਾਇਤ ਕਰਦਾ ਹੈ। -ਪੀਟੀਆਈ