ਨਵੀਂ ਦਿੱਲੀ, 1 ਨਵੰਬਰ
ਟਵਿੱਟਰ ਨੇ 26 ਅਗਸਤ ਤੋਂ 25 ਸਤੰਬਰ ਵਿਚਾਲੇ ਭਾਰਤ ਵਿੱਚ ਬੱਚਿਆਂ ਦੇ ਜਿਨਸੀ ਸ਼ੋਸ਼ਣ, ਗੈਰ ਸਹਿਮਤੀ ਵਾਲੀ ਨਗਨਤਾ ਅਤੇ ਇਸ ਤਰ੍ਹਾਂ ਦੀ ਹੋਰ ਸਮੱਗਰੀ ਨੂੰ ਪ੍ਰਚਾਰਨ ਵਾਲੇ 52,141 ਖਾਤਿਆਂ ’ਤੇ ਪਾਬੰਦੀ ਲਗਾਈ ਹੈ। ਐਲਨ ਮਸਕ ਦੀ ਮਲਕੀਅਤ ਵਾਲੇ ਇਸ ਮਾਈਕਰੋ ਬਲੌਗਿੰਗ ਪਲੈਟਫਾਰਮ ਵੱਲੋਂ ਦੇਸ਼ ਵਿੱਚ ਇਸ ਪਲੈਟਫਾਰਮ ’ਤੇ ਅਤਿਵਾਦ ਨੂੰ ਪ੍ਰਚਾਰਨ ਵਾਲੇ 1982 ਹੋਰ ਖਾਤਿਆਂ ’ਤੇ ਪਾਬੰਦੀ ਲਗਾਈ ਗਈ ਹੈ।
ਟਵਿੱਟਰ ਵੱਲੋਂ ਜਾਰੀ ਕੀਤੀ ਗਈ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਉਸ ਦੀ ਸ਼ਿਕਾਇਤ ਨਿਵਾਰਨ ਪ੍ਰਕਿਰਿਆ ਰਾਹੀਂ ਇਸੇ ਸਮੇਂ ਦੌਰਾਨ ਭਾਰਤ ਵਿੱਚ ਉਪਭੋਗਤਾਵਾਂ ਵੱਲੋਂ 157 ਸ਼ਿਕਾਇਤਾਂ ਮਿਲੀਆਂ ਸਨ, ਜਿਨ੍ਹਾਂ ਵਿੱਚੋਂ 129 ’ਤੇ ਕਾਰਵਾਈ ਕੀਤੀ ਗਈ ਹੈ। ਟਵਿੱਟਰ ਨੇ ਕਿਹਾ, ‘‘ਇਸ ਦੇ ਨਾਲ ਹੀ ਅਸੀਂ 43 ਹੋਰ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਹੈ ਜਿਨ੍ਹਾਂ ਵਿੱਚ ਟਵਿੱਟਰ ਖਾਤਿਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ।’’ ਕੰਪਨੀ ਨੇ ਕਿਹਾ, ‘‘ਉਸ ਵੱਲੋਂ ਬਾਲ ਜਿਨਸੀ ਸ਼ੋਸ਼ਣ ਨੂੰ ਪ੍ਰਚਾਰਨ ਵਾਲੀ ਸਮੱਗਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਂਦੀ ਹੈ।’’ -ਆਈਏਐੱਨਐੱਸ
ਐਲਨ ਮਸਕ ਵੱਲੋਂ ਸ੍ਰੀਰਾਮ ਕ੍ਰਿਸ਼ਨਨ ਆਪਣੀ ਤਕਨੀਕੀ ਟੀਮ ’ਚ ਸ਼ਾਮਲ
ਨਿਊਯਾਰਕ: ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਵੱਡੀ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ ਨਵਾਂ ਰੂਪ ਦੇਣ ਦੀ ਕੋਸ਼ਿਸ਼ ਤਹਿਤ ਭਾਰਤੀ-ਅਮਰੀਕੀ ਤਕਨਾਲੋਜੀ ਮਾਹਿਰ ਸ੍ਰੀਰਾਮ ਕ੍ਰਿਸ਼ਨਨ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਕ੍ਰਿਸ਼ਨਨ ਇਨ੍ਹੀਂ ਦਿਨੀਂ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਦੀ ਮਦਦ ਕਰ ਰਹੇ ਹਨ। ਕ੍ਰਿਸ਼ਨਨ ਸਿਲੀਕੌਨ ਵੈੱਲੀ ਵੈਂਚਰ ਕੈਪੀਟਲ ਫਰਮ ਐਂਡਰੀਸਨ ਹੋਰੋਵਿਟਜ਼ ਵਿੱਚ ਭਾਈਵਾਲ ਹਨ। ਕ੍ਰਿਸ਼ਨਨ ਨੇ ਟਵੀਟ ਕੀਤਾ, ‘‘ਹੁਣ ਇਹ ਗੱਲ ਬਾਹਰ ਆ ਗਈ ਹੈ: ਮੈਂ ਹੋਰ ਸ਼ਾਨਦਾਰ ਵਿਅਕਤੀਆਂ ਨਾਲ ਮਿਲ ਕੇ ਐਲਨ ਮਸਕ ਦੀ ਮਦਦ ਕਰ ਰਿਹਾ ਹਾਂ। ਮੇਰਾ ਮੰਨਣਾ ਹੈ ਕਿ ਇਹ ਇਕ ਬਹੁਤ ਹੀ ਅਹਿਮ ਕੰਪਨੀ ਹੈ ਤੇ ਇਸ ਦਾ ਦੁਨੀਆ ’ਤੇ ਵੱਡਾ ਪ੍ਰਭਾਵ ਹੋ ਸਕਦਾ ਹੈ ਅਤੇ ਐਲਨ ਉਹ ਵਿਅਕਤੀ ਹਨ ਜੋ ਇਸ ਨੂੰ ਸੰਭਵ ਬਣਾਉਣਗੇ।’’ ਚੇਨੱਈ ਵਿੱਚ ਜਨਮੇ ਕ੍ਰਿਸ਼ਨਨ ਐਂਡਰੀਸਨ ਹੋਰੋਵਿਟਜ਼ ਵਿੱਚ ਆਉਣ ਤੋਂ ਪਹਿਲਾਂ ਕਈ ਵੱਡੇ ਅਹੁਦਿਆਂ ’ਤੇ ਰਹਿ ਚੁੱਕੇ ਹਨ ਅਤੇ ਹਾਲ ਹੀ ਵਿੱਚ ਉਹ ਟਵਿੱਟਰ ਦੀ ਕੋਰ ਉਪਭੋਗਤਾ ਟੀਮ ਦੀ ਅਗਵਾਈ ਵੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਸਨੈਪ ਤੇ ਫੇਸਬੁੱਕ ਲਈ ਵੱਖ-ਵੱਖ ਮੋਬਾਈਲ ਉਤਪਾਦ ਬਣਾ ਚੁੱਕੇ ਹਨ। -ਪੀਟੀਆਈ