ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 17 ਮਾਰਚ
ਹਾਲ ਹੀ ਵਿੱਚ ਚੁਣੇ ਗਏ ‘ਆਪ’ ਵਿਧਾਇਕਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਚੈਕਿੰਗ ਦੇ ਨਾਂ ’ਤੇ ਹਸਪਤਾਲਾਂ ਦੇ ਡਾਕਟਰਾਂ ਅਤੇ ਹੋਰ ਸਟਾਫ਼ ਮੈਂਬਰਾਂ ਨਾਲ ਕੀਤੀ ਜਾ ਰਹੀ ਕਥਿਤ ਬੇਲੋੜੀ ਸਖ਼ਤੀ ਦਾ ਗੰਭੀਰ ਨੋਟਿਸ ਲੈਂਦਿਆਂ ਇਲਾਕੇ ਦੇ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਕੇਂਦਰਾਂ ਵਿੱਚ ਪੂਰਾ ਸਟਾਫ਼ ਮੁਹੱਈਆ ਕਰਵਾਇਆ ਜਾਵੇ। ਜਾਣਕਾਰੀ ਮੁਤਾਬਕ ਇਲਾਕੇ ਦੇ ਕਿਸੇ ਵੀ ਸਿਹਤ ਕੇਂਦਰ ਵਿੱਚ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਸਾਰੀਆਂ ਅਸਾਮੀਆਂ ਭਰੀਆਂ ਹੋਈਆਂ ਨਹੀਂ ਹਨ। ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਦਿਖਾਈ ਗਈ ਬੇਰੁਖੀ ਕਾਰਨ ਗੰਭੀਰ ਮਰੀਜ਼ਾਂ ਨੂੰ ਦੂਰ ਦਰਾਡੇ ਦੇ ਵੱਡੇ ਹਸਪਤਾਲਾਂ ਵਿੱਚ ਲਿਜਾਣ ਦੀ ਬਜਾਇ ਸਥਾਨਕ ਪ੍ਰਾਈਵੇਟ ਹਸਪਤਾਲਾਂ ਦੇ ਤਰਸ ’ਤੇ ਰਹਿਣਾ ਪੈਂਦਾ ਰਿਹਾ ਹੈ। ਉਂਜ, ਇਨ੍ਹਾਂ ਹਸਪਤਾਲਾਂ ਦੇ ਇੰਚਾਰਜਾਂ ਨੇ ਦਾਅਵਾ ਕੀਤਾ ਹੈ ਕਿ ਉਪਲਬਧ ਸਾਧਨਾਂ ਨਾਲ ਉਹ ਹੁਣ ਤੱਕ ਵਧੀਆ ਤੋਂ ਵਧੀਆਂ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਨ ਅਤੇ ਸਹੂਲਤਾਂ ਪੂਰੀਆਂ ਕੀਤੇ ਜਾਣ ਤੋਂ ਬਾਅਦ ਹੋਰ ਵੀ ਵੱਧ ਮਰੀਜ਼ਾਂ ਨੂੰ ਇਹ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ ਤੇ ਲੋਕਾਂ ਦਾ ਸਰਕਾਰੀ ਹਸਪਤਾਲਾਂ ’ਤੇ ਭਰੋਸਾ ਬੱਝ ਸਕਦਾ ਹੈ ਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਮਚਾਈ ਜਾ ਰਹੀ ਲੁੱਟ ਨੂੰ ਠੱਲ ਪਾਈ ਜਾ ਸਕਦੀ ਹੈ।
ਪੰਜਾਬ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਸਿਵਲ ਹਸਪਤਾਲ ਡੇਹਲੋਂ ਦੇ ਫਾਰਮੇਸੀ ਅਫ਼ਸਰ ਡਾ. ਕਰਮਜੀਤ ਸਿੰਘ ਨੇ ਅਫ਼ਸੋਸ ਪ੍ਰਗਟ ਕੀਤਾ ਹੈ ਕਿ ਕਰੋਨਾ ਮਹਾਮਾਰੀ ਵੇਲੇ ਆਪਣੀਆਂ ਜਾਨਾਂ ਜ਼ੋਖ਼ਮ ਵਿੱਚ ਪਾ ਕੇ ਬਿਨਾਂ ਸਹੂਲਤਾਂ ਤੋਂ ਕੰਮ ਕਰਦੇ ਰਹੇ ਡਾਕਟਰਾਂ ਤੇ ਪੈਰਾ ਮੈਡੀਕਲ ਅਮਲੇ ਦੀਆਂ ਆਸਾਂ ਦੇ ਉਲਟ ਹਾਲ ਹੀ ਵਿੱਚ ਚੁਣੇ ਗਏ ‘ਆਪ’ ਵਿਧਾਇਕਾਂ ਅਤੇ ਪਾਰਟੀ ਆਗੂਆਂ ਨੇ ਉਨ੍ਹਾਂ ਨੂੰ ਮੁਲਜ਼ਮਾਂ ਵਾਂਗ ਪੇਸ਼ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਕੋਈ ਵੀ ਯੂਨੀਅਨ ਇਹੋ ਜਿਹੇ ਕਿਸੇ ਵੀ ਕਰਮਚਾਰੀ ਦੀ ਹਮਾਇਤ ਜਾਂ ਬਚਾਅ ਨਹੀਂ ਕਰੇਗੀ ਜਿਹੜਾ ਆਪਣੀ ਡਿਊਟੀ ਵਿੱਚ ਕੁਤਾਹੀ ਕਰੇਗਾ ਪਰ ਇਸ ਤੋਂ ਪਹਿਲਾਂ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਨਾ ਅਤੇ ਸਹੂਲਤਾਂ ਪ੍ਰਦਾਨ ਕਰਨੀਆਂ ਮੁੱਢਲੀ ਲੋੜ ਹੈ।
ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਅਹਿਮਦਗੜ੍ਹ, ਡੇਹਲੋਂ, ਮਲੌਦ ਅਤੇ ਪੱਖੋਵਾਲ ਅਧੀਨ ਪੈਂਦੇ ਸਿਹਤ ਸੇਵਾ ਕੇਂਦਰਾਂ ਵਿੱਚ ਪਤਾ ਕਰਨ ’ਤੇ ਇੱਕ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਥਾਂ ਸਟਾਫ਼ ਅਤੇ ਸਹੂਲਤਾਂ ਪੂਰੀਆਂ ਨਹੀਂ ਹਨ ਜਦੋਂਕਿ ਅਹਿਮਦਗੜ੍ਹ ਵਿਖੇ ਮੈਡੀਕਲ ਅਫਸਰ (ਸਰਜਰੀ 1, ਗਾਇਨੀ 1), ਫਾਰਮੇਸੀ ਅਫਸਰ 1, ਐੱਸ ਐੱਲ ਟੀ 2, ਨਰਸਾਂ 7, ਵਾਰਡ ਅਟੈਂਡੈਂਟ 12 ਅਤੇ ਡਰਾਈਵਰ 1- ਦੀਆਂ ਅਸਾਮੀਆਂ ਖਾਲੀ ਹਨ ਡੇਹਲੋਂ ਵਿੱਚ ਚਾਰ ਵਿੱਚੋਂ ਸਿਰਫ਼ ਇੱਕ ਸਪੈਸ਼ਲਿਟ ਡਾਕਟਰ ਅਤੇ ਚਾਰ ਐੱਮਬੀਬੀਐੱਸ ਚੋਂ 2 ਡਾਕਟਰ ਕੰਮ ਕਰ ਰਹੇ ਹਨ। ਇਹੀ ਨਹੀਂ ਇੱਥੇ ਦਰਜਾ ਚਾਰ ਦੀਆਂ 16 ਵਿੱਚੋਂ 13 ਅਸਾਮੀਆਂ ਖਾਲੀ ਹਨ ਅਤੇ ਪੰਜਾਂ ਵਿੱਚੋਂ ਕੋਈ ਵੀ ਸਵੀਪਰ ਨਹੀਂ ਲੱਗਿਆ ਹੈ। ਡਰਾਈਵਰਾਂ ਦੀਆਂ ਦੋਵੇਂ ਅਸਾਮੀਆਂ ਖਾਲੀ ਹਨ ਅਤੇ ਐਂਬੂਲੈਂਸ ਵੀ ਉਪਲਬਧ ਨਹੀਂ ਹੈ। ਇਸੇ ਤਰ੍ਹਾਂ ਪੱਖੋਵਾਲ ਸਿਵਲ ਹਸਪਤਾਲ ਅਧੀਨ ਪੈਂਦੇ ਕੇਂਦਰਾਂ ਦੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਹੋਰ 78 ਅਸਾਮੀਆਂ ਖਾਲੀ ਦੱਸੀਆਂ ਗਈਆਂ। ਮਲੌਦ ਸਿਵਲ ਹਸਪਤਾਲ ਅਧੀਨ ਕੁੱਲ 76 ਪੋਸਟਾਂ ਇਸ ਵੇਲੇ ਖਾਲੀ ਹਨ।