ਨਵੀਂ ਦਿੱਲੀ, 1 ਨਵੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਸੰਪਰਕ ਪ੍ਰਾਜੈਕਟਾਂ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਐੱਸਸੀਓ ਦੇ ਰਾਸ਼ਟਰ ਮੁਖੀਆਂ ਦੀ ਕੌਂਸਲ ਦੀ ਇਕ ਡਿਜੀਟਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਨਿਰਪੱਖ ਮਾਰਕੀਟ ਪਹੁੰਚ ਹੀ ਅੱਗੇ ਵਧਣ ਦਾ ਇੱਕੋ-ਇੱਕ ਰਸਤਾ ਹੈ। ਉਨ੍ਹਾਂ ਕਿਹਾ ਕਿ ਚਾਬਹਾਰ ਬੰਦਰਗਾਹ ਅਤੇ ਇੰਟਰਨੈਸ਼ਨਲ ਨੌਰਥ ਸਾਊਥ ਟਰਾਂਸਪੋਰਟ ਕੌਰੀਡੋਰ ਐੱਸਸੀਓ ਖਿੱਤੇ ਵਿੱਚ ਬਿਹਤਰ ਸੰਪਰਕ ਮੁਹੱਈਆ ਕਰਨ ਵਾਲੇ ਬਣ ਸਕਦੇ ਹਨ। ਰਾਸ਼ਟਰ ਮੁਖੀਆਂ ਦੀ ਕੌਂਸਲ ਦੀ 21ਵੀਂ ਮੀਟਿੰਗ ਦੀ ਮੇਜ਼ਬਾਨੀ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਕੀਤੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਆਲਮੀ ਪੱਧਰ ’ਤੇ ਅਨਾਜ ਦੇ ਸੰਕਟ ਦਾ ਸਾਹਮਣਾ ਕਰਨ ਵਿੱਚ ਭਾਰਤ ਐੱਸਸੀਓ ਮੈਂਬਰ ਦੇਸ਼ਾਂ ਨੂੰ ਵੱਡੀ ਪੱਧਰ ’ਤੇ ਸਹਿਯੋਗ ਦੇਣ ਦਾ ਇਰਾਦਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਜੰਗ ਕਾਰਨ ਅੰਨ ਦਾ ਸੰਕਟ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਚੀਨ ਆਪਣੀ ਮਾਰਕੀਟ ਦੇ ਕੁਝ ਖੇਤਰਾਂ ਵਿੱਚ ਉਸ ਨੂੰ ਪਹੁੰਚ ਨਹੀਂ ਦੇ ਰਿਹਾ ਹੈ। -ਪੀਟੀਆਈ