ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਸੰਯੁਕਤ ਮੋਰਚੇ ਦੇ ਸੱਦੇ ’ਤੇ ਰੇਲ ਗੱਡੀਆਂ ਰੋਕਣ ਦੇ ਐਲਾਨ ਕਾਰਨ ਅੰਮ੍ਰਿਤਸਰ ਐਕਸਪ੍ਰੈਸ ਕਰਤਾਰਪੁਰ ਰੇਲਵੇ ਸਟੇਸ਼ਨ ਤੇ ਸਵੇਰੇ ਦੱਸ ਵਜੇ ਤੋਂ ਸ਼ਾਮ ਤੱਕ ਰੁਕੀ ਰਹੀ। ਇਸ ਦੌਰਾਨ ਮੁਸਾਫਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਗੁਰਦੁਆਰਾ ਗੰਗਸਰ ਸਾਹਿਬ ਤੋਂ ਲੰਗਰ ਅਤੇ ਚਾਹ ਪਾਣੀ ਵਰਤਾਇਆ ਗਿਆ।ਰੇ ਲ ਗੱਡੀ ਵਿੱਚ ਸਵਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਰੇਲਾਂ ਰੋਕਣ ਦੇ ਐਲਾਨ ਤੋਂ ਬੇਖ਼ਬਰ ਸਨ। ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੇਲਾਂ ਰੋਕਣ ਕਾਰਨ ਇੱਕ ਦਿਨ ਹੀ ਰੁਕੇ ਹਾਂ ਜਦੋਂਕਿ ਸਾਡੇ ਕਿਸਾਨ ਵੀਰ ਖੇਤੀ ਵਿਰੁੱਧ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਹਨ।ਫੋਟੋ ਕੈਪਸ਼ਨ ਕਰਤਾਰਪੁਰ ਵਿੱਚ ਸੇਵਾਦਾਰ ਰੇਲ ਯਾਤਰੀਆਂ ਨੂੰ ਲੰਗਰ ਛਕਾਉਂਦੇ ਹੋਏ ਫੋਟੋ ਵਿਰਦੀ
ਫ਼ਤਹਿਗੜ੍ਹ ਚੂੜੀਆਂ(ਹਰਪਾਲ ਸਿੰਘ ਨਾਗਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿੱਚ ਰੇਲਵੇ ਫਾਟਕ ਫਤਿਹਗੜ੍ਹ ਚੂੜੀਆਂ ਵਿਖੇ ਲਖੀਮਪੁਰ ਖੀਰੀ ਵਿੱਚ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਜੇ ਟੈਣੀ ਦੀ ਸਾਜ਼ਿਸ਼ ਤਹਿਤ ਕੀਤੇ ਗਏ ਕਿਸਾਨਾਂ ’ਤੇ ਵੈਹਿਸ਼ੀਆਨਾ ਕਤਲੇਆਮ ਦੇ ਦੋਸ਼ੀਆ ਨੂੰ ਸਖ਼ਤ ਸਜ਼ਾ ਦਵਾਉਣ ਲਈ ਰੋਸ ਧਰਨਾ ਦੇ ਕੇ ਰੇਲਵੇ ਦ ਚੱਕਾ ਜਾਮ ਕੀਤਾ ਗਿਆ।
ਤਰਨ ਤਾਰਨ(ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਜ਼ਿਲ੍ਹੇ ਭਰ ਅੰਦਰ ਲਖੀਮਪੁਰ ਖੀਰੀ ਦੀਆਂ ਘਟਨਾਵਾਂ ਖਿਲਾਫ਼ ਕਿਸਾਨਾਂ ਨੇ ਰੇਲਾਂ ਰੋਕਣ ਲਈ ਪਟੜੀਆਂ ਉੱਤੇ ਧਰਨੇ ਦਿੱਤੇ| ਜਥੇਬੰਦੀਆਂ ਨੇ ਇਸ ਹਿੰਸਾ ਕਾਂਡ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਕੇ ਉਸ ਨੂੰ ਗਿਰਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ| ਵੈਸੇ ਜਿਲ੍ਹੇ ਅੰਦਰ ਅੰਮ੍ਰਿਤਸਰ-ਖੇਮਕਰਨ ਅਤੇ ਅੰਮ੍ਰਿਤਸਰ ਵਾਇਆ ਤਰਨ ਤਾਰਨ- ਬਿਆਸ ਨੂੰ ਚੱਲਣ ਵਾਲੀਆਂ ਰੇਲਾਂ ਕੋਵਿਡ-19 ਦੇ ਪਹਿਲੇ ਫੇਸ ਤੋਂ ਰੋਕੀਆਂ ਰੇਲਾਂ ਅੱਜ ਤੱਕ ਵੀ ਬਹਾਲ ਨਹੀਂ ਕੀਤੀਆਂ ਜਾ ਸਕੀਆਂ| ਜਿਸ ਕਰਕੇ ਕਿਸਾਨਾਂ ਨੇ ਰੇਲ ਪਟੜੀਆਂ ਨੇ ਧਰਨੇ ਦੇ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ| ਜਥੇਬੰਦੀਆਂ ਨੇ ਬੀਐਸਐਫ਼ ਦਾ ਘੇਰਾ ਵਧਾਉਣ ਖਿਲਾਫ਼ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਤਰਨ ਤਾਰਨ ਦੇ ਰੇਲਵੇ ਸਟੇਸ਼ਨ ਤੋਂ ਥੋੜੀ ਦੂਰੀ ਰੇਲ ਪਟੜੀਆਂ ਨੇ ਧਰਨਾ ਦਿੱਤਾ| ਕੁਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਸੀਟੂ ਦੇ ਸਾਂਝੇ ਝੰਡੇ ਹੇਠ ਵੀ ਕਿਸਾਨਾਂ ਨੇ ਤਰਨ ਤਾਰਨ ਸ਼ਹਿਰ ਦੀ ਰੇਲ ਲਾਈਨ ਤੇ ਧਰਨਾ ਦਿੱਤਾ|