ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 17 ਮਾਰਚ
ਇਥੋਂ ਦੇ ਸਿਵਲ ਹਸਪਤਾਲ ਵਿਖੇ ਐਕਸਰੇਅ ਮਸ਼ੀਨ ਦੀ ਹਾਲਤ ਇੰਨੀ ਗੰਭੀਰ ਹੈ ਕਿ ਮਰੀਜ਼ਾਂ ਨੂੰ ਐਕਸਰਾ ਕਰਵਾਉਣ ਲਈ 4-4 ਘੰਟੇ ਉਡੀਕ ਕਰਨੀ ਪੈਂਦੀ ਹੈ ਅਤੇ ਕਈ ਵਾਰ ਮਰੀਜ਼ਾਂ ਨੂੰ ਛੋਟੇ ਸਿਵਲ ਹਸਪਤਾਲਾਂ ਲਈ ਰੈਫਰ ਕਰ ਦਿੱਤਾ ਜਾਂਦਾ ਹੈ। ਪਿੰਡ ਭੱਲਮਾਜਰਾ ਦੇ ਕੁਲਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਸਵੇਰੇ 8 ਵਜੇ ਦਾਖ਼ਲ ਕਰਵਾਇਆ ਗਿਆ ਅਤੇ ਉਸ ਦੇ ਸਰੀਰ ਦੇ ਕਈ ਹਿੱਸਿਆਂ ’ਤੇ ਲੱਗੀਆਂ ਸੱਟਾਂ ਕਾਰਨ ਐਕਸਰਾ ਕਰਵਾਉਣ ਲਈ ਕਿਹਾ ਪ੍ਰੰਤੂ ਹਸਪਤਾਲ ਦੀ ਐਕਸਰੇ ਮਸ਼ੀਨ ਖ਼ਰਾਬ ਹੋਣ ਕਾਰਨ ਮਰੀਜ਼ ਨੂੰ ਪਹਿਲਾਂ ਬਿਜਲੀ ਨਾ ਹੋਣ ਕਾਰਨ ਉਡੀਕ ਕਰਨ ਲਈ ਕਿਹਾ ਗਿਆ ਅਤੇ 4 ਘੰਟੇ ਦਾ ਸਮਾਂ ਬੀਤ ਜਾਣ ’ਤੇ ਫਿਰ ਡਾਕਟਰਾਂ ਨੇ ਜ਼ਖ਼ਮੀ ਕੁਲਜੀਤ ਸਿੰਘ ਨੂੰ ਸਬ ਡਵੀਜ਼ਨ ਹਸਪਤਾਲ ਮੰਡੀ ਗੋਬਿੰਦਗੜ੍ਹ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ 3 ਵਜੇ ਪਹੁੰਚੇ ਪ੍ਰੰਤੂ ਉੱਥੇ ਵੀ ਐਕਸਰਾ ਕਰਨ ਵਾਲੇ ਕਰਮਚਾਰੀ ਨੇ ਇਹ ਕਹਿ ਦਿੱਤਾ ਕਿ ਐਕਸਰੇ ਦਾ ਸਮਾਂ ਸਮਾਪਤ ਹੋ ਚੁੱਕਿਆ ਅਤੇ ਅਗਲੇ ਦਿਨ ਆਉਣ ਲਈ ਕਿਹਾ। ਸੀਨੀਅਰ ਮੈਡੀਕਲ ਅਫ਼ਸਰ ਭੁਪਿੰਦਰ ਸਿੰਘ ਨੇ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।