ਪੋਰਟ-ਅਊ-ਪ੍ਰਿੰਸ, 18 ਅਕਤੂਬਰ
ਹੈਤੀ ਵਿਚ ਇਕ ਗੈਂਗ ਵੱਲੋਂ ਅਗਵਾ ਕੀਤੇ ਗਏ 17 ਧਰਮ ਪ੍ਰਚਾਰਕਾਂ ਦੀ ਰਿਹਾਈ ਲਈ ਅਮਰੀਕੀ ਅਧਿਕਾਰੀ ਹੈਤੀ ਦੀ ਅਥਾਰਿਟੀ ਨਾਲ ਤਾਲਮੇਲ ਕਰ ਰਹੇ ਹਨ। ਇਹ ਧਰਮ ਪ੍ਰਚਾਰਕ ਅਮਰੀਕਾ ਦੇ ਇਕ ਧਾਰਮਿਕ ਗਰੁੱਪ ਨਾਲ ਸਬੰਧਤ ਹਨ। ਹੱਤਿਆਵਾਂ, ਅਗਵਾ ਤੇ ਫ਼ਿਰੌਤੀ ਦੀਆਂ ਵਾਰਦਾਤਾਂ ਲਈ ਜਾਣੇ ਜਾਂਦੇ ਗੈਂਗ ਨੇ 12 ਬਾਲਗਾਂ ਤੇ ਪੰਜ ਬੱਚਿਆਂ ਨੂੰ ਅਗਵਾ ਕੀਤਾ ਹੈ।
ਇਨ੍ਹਾਂ ਵਿਚ 16 ਅਮਰੀਕੀ ਨਾਗਰਿਕ ਤੇ ਇਕ ਕੈਨੇਡਾ ਦਾ ਨਾਗਰਿਕ ਹੈ। ਇਹ ਗੈਂਗ ਪਹਿਲਾਂ ਵੀ ਪੰਜ ਪਾਦਰੀਆਂ ਤੇ ਦੋ ਈਸਾਈ ਸਾਧਵੀਆਂ ਨੂੰ ਅਗਵਾ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਾਫ਼ੀ ਗਰੀਬ ਮੁਲਕ ਹੈਤੀ ਗੜਬੜੀ ਦਾ ਸ਼ਿਕਾਰ ਹੈ ਤੇ ਉੱਥੇ ਕਈ ਗੈਂਗ ਅਗਵਾ ਦੀਆਂ ਵਾਰਦਾਤਾਂ ਕਰਦੇ ਰਹਿੰਦੇ ਹਨ। ਹੈਤੀ ਦੇ ਰਾਸ਼ਟਰਪਤੀ ਦੀ ਜੁਲਾਈ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਏਪੀ