ਮੁੰਬਈ, 18 ਅਕਤੂਬਰ
ਫ਼ਿਲਮਸਾਜ਼ ਓਨੀਰ 2019 ਦੇ ਪੁਲਵਾਮਾ ਦਹਿਸ਼ਤੀ ਹਮਲੇ ਉੱਤੇ ਅਧਾਰਿਤ ਇੱਕ ਸੀਰੀਜ਼ ਦਾ ਨਿਰਦੇਸ਼ਨ ਕਰੇਗਾ। ਜੈਸ਼-ਏ-ਮੁਹੰਮਦ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ 40 ਜਵਾਨ ਸ਼ਹੀਦ ਹੋ ਗਏ ਸਨ। ਪੱਤਰਕਾਰ ਰਾਹੁਲ ਪੰਡਿਤਾ ਦੀ ਕਿਤਾਬ ‘ਦਿ ਲਵਰ ਬੁਆਏ ਆਫ ਬਹਾਵਲਪੁਰ’ ਉੱਤੇ ਆਧਾਰਿਤ ਇਸ ਸੀਰੀਜ਼ ਦਾ ਨਾਮ ‘ਪੁਲਵਾਮਾ ਕੀ ਨੰਬਰ 1026’ ਹੈ। ਸੋਨੀ ਲਾਈਵ ਵਾਸਤੇ ਬਣਾਈ ਜਾਣ ਵਾਲੀ ਇਸ ਸੀਰੀਜ਼ ਦੀਆਂ ਅੱਠ ਕਿਸ਼ਤਾਂ ਹੋਣਗੀਆਂ। ਨਿਰਮਾਤਾਵਾਂ ਨੇ ਕਿਹਾ ਕਿ ਇਹ ਸੀਰੀਜ਼ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ, ਜਿਨ੍ਹਾਂ ਦੇ ਸੁਪਨੇ ਫਿਦਾਈਨ ਹਮਲੇ ਨਾਲ ਇੱਕ ਪਲ ਵਿੱਚ ਹੀ ਖਤਮ ਹੋ ਗਏ। ਓਨੀਰ ਨੇ ਕਿਹਾ ਕਿ ਇਸ ਹਮਲੇ ਨੇ ਸਿਰਫ 40 ਜਵਾਨਾਂ ਦੀ ਜਾਨ ਹੀ ਨਹੀਂ ਲਈ ਬਲਕਿ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਸ ਨੇ ਕਿਹਾ, ‘ਇਹ ਅਜਿਹੀ ਕਹਾਣੀ ਹੈ ਜੋ ਹਰ ਭਾਰਤੀ ਨੂੰ ਪਤਾ ਹੋਣੀ ਚਾਹੀਦੀ ਹੈ ਅਤੇ ਰਾਹੁਲ ਪੰਡਿਤਾ ਨਾਲ ਇਸ ਉੱਤੇ ਕੰਮ ਕਰਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।’ -ਏਜੰਸੀ