ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਕਤੂਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ‘ਸੈਂਟਰ ਫਾਰ ਵਨ ਹੈਲਥ’ ਵੱਲੋਂ ‘ਭੋਜਨ: ਸਿਹਤ ਅਤੇ ਵਾਤਾਵਰਣ ਉੱਤੇ ਪ੍ਰਭਾਵ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਵਨ ਹੈਲਥ ਕੇਂਦਰ ਦੇ ਨਿਰਦੇਸ਼ਕ ਅਤੇ ਸਮਾਗਮ ਦੇ ਸੰਯੋਜਕ ਡਾ. ਜਸਬੀਰ ਸਿੰਘ ਬੇਦੀ ਨੇ ਵਿਸ਼ਵ ਭੋਜਨ ਦਿਵਸ, ਖੁਰਾਕ ਸੁਰੱਖਿਆ ਅਤੇ ਸਿਹਤ ਦੇ ਮਹੱਤਵ ਬਾਰੇ ਚਰਚਾ ਕੀਤੀ।
ਨੈਸਲੇ ਇੰਡੀਆ ਦੇ ਫਰੈਸ਼ ਮਿਲਕ ਸੋਰਸਿੰਗ ਅਤੇ ਡੇਅਰੀ ਵਿਕਾਸ ਦੇ ਮੁਖੀ ਡਾ. ਰਾਜੀਵ ਪਾਲ ਸਿੰਘ ਠਾਕੁਰ ਨੇ ‘ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਪਰਿਪੇਖ ਅਧੀਨ ਤਾਜ਼ੇ ਕੱਚੇ ਦੁੱਧ ਵਿੱਚ ਰਹਿੰਦ-ਖੂੰਹਦ ਦੇ ਜੋਖ਼ਮ ਅਤੇ ਉਸ ਨੂੰ ਘਟਾਉਣ ਦੀ ਕਾਰਵਾਈ’ ਦੇ ਸਬੰਧ ਵਿੱਚ ਗੱਲ ਕੀਤੀ। ਪੀਏਯੂ ਤੋਂ ਡਾ. ਕਿਰਨ ਕੰਗ ਬੈਂਸ ਨੇ ਪ੍ਰਤੀਭਾਗੀਆਂ ਨਾਲ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਹਿਜ ਭੋਜਨ ਅਤੇ ਸਿਧਾਂਤਾਂ ਬਾਰੇ ਚਰਚਾ ਕੀਤੀ। ਵਨ ਹੈਲਥ ਕੇਂਦਰ ਦੇ ਡਾ. ਰਾਬਿੰਦਰ ਸਿੰਘ ਔਲਖ ਅਤੇ ਡਾ. ਰਜਨੀਸ਼ ਸ਼ਰਮਾ ਨੇ ਵੀ ਭੋਜਨ ਸੁਰੱਖਿਆ ਅਤੇ ਇਸ ਦੇ ਮਹੱਤਵ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਸਮਾਗਮ ਦੇ ਪ੍ਰਬੰਧਕੀ ਸਕੱਤਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਵੈਟਰਨਰੀ ’ਵਰਸਿਟੀ ਦੇ 30 ਤੋਂ ਵੱਧ ਵਿਦਿਆਰਥੀਆਂ ਨੇ ਇਸ ਵਿਗਿਆਨਕ ਸਮਾਗਮ ਵਿੱਚ ਹਿੱਸਾ ਲਿਆ। ਡਾ. ਬੇਦੀ ਨੇ ਬੁਲਾਰਿਆਂ, ਅਧਿਆਪਕਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਵਨ ਹੈਲਥ ਕੇਂਦਰ ਨੇ ਪੁਲੀਸ ਡੀਏਵੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਵੀ ਲਗਾਇਆ। ਡਾ. ਰਜਨੀਸ ਸ਼ਰਮਾ ਅਤੇ ਡਾ. ਪੰਕਜ ਢਾਕਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਭੋਜਨ ਨੂੰ ਸੁਰੱਖਿਅਤ ਰੱਖਣ ਦੇ ਨੁਕਤਿਆਂ ਦੇ ਮਹੱਤਵ ’ਤੇ ਚਾਨਣਾ ਪਾਇਆ। ਸਕੂਲ ਦੇ ਪ੍ਰਿੰਸੀਪਲ ਡਾ. ਅਨੂ ਰਮਾ ਨੇ ਸੈਸ਼ਨ ਨੂੰ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਮੰਨਿਆ। ਕੇਂਦਰ ਵੱਲੋਂ ‘ਖੁਰਾਕ ਸੁਰੱਖਿਆ, ਬਚਾਓ ਅਤੇ ਰਹਿੰਦ ਖੂੰਹਦ ਪ੍ਰਬੰਧਨ’ ਬਾਰੇ ਸੈਮੀਨਾਰ ਵੀ ਕਰਵਾਇਆ ਅਤੇ ਵੇਰਕਾ ਮਿਲਕ ਪਲਾਂਟ ਦਾ ਦੌਰਾ ਕੀਤਾ। ਡਾ. ਬੇਦੀ ਨੇ ਮੁੱਖ ਨਿਰੀਖਕ ਅਤੇ ਡੀਨ ਡਾ. ਸਰਵਪ੍ਰੀਤ ਸਿੰਘ ਘੁੰਮਣ ਅਤੇ ’ਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਕੈਪਸ਼ਨ: ‘ਵਿਸ਼ਵ ਭੋਜਨ ਦਿਵਸ’ ਮੌਕੇ ਵੈਟਰਨਰੀ ਯੂਨੀਵਰਸਿਟੀ ਵਿੱਚ ਕਰਵਾਏ ਸਮਾਗਮ ’ਚ ਹਾਜ਼ਰ ਪਤਵੰਤੇ ਅਤੇ ਹੋਰ। -ਫੋਟੋ: ਬਸਰਾ