ਪੱਤਰ ਪ੍ਰੇਰਕ
ਸਮਰਾਲਾ, 17 ਅਕਤੂਬਰ
ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਸਕੱਤਰ ਦਲੀਪ ਸਿੰਘ ਬਾਲਿਓ ਨੇ ਅੱਜ ਇੱਕ ਪ੍ਰੈਸ ਬਿਆਨ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਸੂਬੇ ਦੇ ਨੰਬਰਦਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਤੇ ਯੋਗ ਸਤਿਕਾਰ ਦੇਣ ਲਈ ਸਰਕਾਰ ਢੁੱਕਵੇ ਕਦਮ ਚੁੱਕੇ। ਬਾਲਿਓ ਨੇ ਆਖਿਆ ਕਿ ਲੰਬੇ ਸਮੇਂ ਤੋਂ ਪੰਜਾਬ ਭਰ ਦੇ ਨੰਬਰਦਾਰ ਮਾਣ ਭੱਤੇ ਵਿੱਚ ਵਾਧੇ ਸਮੇਤ ਨੰਬਰਦਾਰਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਯੋਗ ਸਨਮਾਨ ਦੇਣ ਦੀ ਮੰਗ ਕਰਦੇ ਆ ਰਹੇ ਹਨ। ਪ੍ਰੰਤੂ ਸਰਕਾਰ ਮਾਮੂਲੀ ਜਿਹੇ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤੇ ’ਤੇ ਕੰਮ ਕਰਦੇ ਨੰਬਰਦਾਰਾਂ ਦੇ ਭੱਤੇ ਵਿੱਚ ਵਾਧਾ ਕਰਨ ਦੀ ਮੰਗ ਨੂੰ ਅਣਗੌਲਦੀ ਆ ਰਹੀ ਹੈ। ਉਨ੍ਹਾਂ ਨੰਬਰਦਾਰਾਂ ਦਾ ਭੱਤਾ ਵਧਾ ਕੇ 5 ਹਜ਼ਾਰ ਰੁਪਏ ਮਹੀਨਾ ਕੀਤੇ ਜਾਣ ਤੋਂ ਇਲਾਵਾ ਨੰਬਰਦਾਰੀ ਜੱਦੀ-ਪੁਸ਼ਤੀ ਕੀਤੇ ਜਾਣ, ਮੁਫ਼ਤ ਬੱਸ ਸਫ਼ਰ ਦੀ ਸਹੂਲਤ ਅਤੇ ਨੰਬਰਦਾਰਾਂ ਨੂੰ ਸ਼ਿਕਾਇਤ ਨਿਵਾਰਣ ਕਮੇਟੀਆਂ ਵਿੱਚ ਸ਼ਾਮਲ ਕੀਤੇ ਜਾਣ ਦੀ ਮੰਗ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦਾ ਐਲਾਨ ਕਰਨ।