ਡਾ. ਖੁਸ਼ਹਾਲ ਸਿੰਘ
ਮਨੁੱਖੀ ਬਰਾਬਰੀ ਦੇ ਸਿੱਖੀ ਸਿਧਾਂਤ ਦੀਆਂ ਅਲੰਬਰਦਾਰ ਸੰਸਥਾਵਾਂ ਨੇ ਦਲਿਤ ਮੁੜ ਪ੍ਰਵੇਸ਼ ਦਿਹਾੜੇ ਨੂੰ 102 ਸਾਲ ਪਹਿਲਾਂ ਵਾਪਰੀ ਉਸ ਘਟਨਾ ਨੂੰ ਯਾਦ ਕਰਨ ਅਤੇ ਦੁਬਾਰਾ ਡੂੰਘੀ ਵਿਚਾਰ-ਚਰਚਾ ਦਾ ਫੈਸਲਾ ਕੀਤਾ ਹੈ। ਇਹ ਸ਼ਤਾਬਦੀ ਇਤਿਹਾਸਕ ਇਸ ਲਈ ਹੈ ਕਿਉਂਕਿ ਉਸ ਦਿਨ 12 ਅਕਤੂਬਰ 1920 ਨੂੰ ਕਥਿਤ ਅਛੂਤ ਸਿੱਖਾਂ ਦਾ ਬੜੀ ਜੱਦੋ-ਜਹਿਦ ਪਿੱਛੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੜ ਪ੍ਰਵੇਸ਼ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਦਲਿਤ ਸਿੱਖਾਂ ’ਤੇ ਦਰਬਾਰ ਸਾਹਿਬ ਵਿਚ ਧਾਰਮਿਕ ਪੱਧਰ ’ਤੇ ਬੰਦਸ਼ਾਂ ਲੱਗਣੀਆਂ ਸ਼ੁਰੂ ਹੋਈਆ ਸਨ। ਸਿੱਖ ਰਾਜ ਦੇ ਖ਼ਤਮ ਹੁੰਦਿਆਂ ਹੀ ਬ੍ਰਾਹਮਣੀ ਸੋਚ ਦੇ ਧਾਰਨੀ ਪੁਜਾਰੀ, ਮਹੰਤਾਂ ਨੂੰ ਮਨਮਾਨੀਆਂ ਕਰਨ ਦਾ ਬਲ ਮਿਲਿਆ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਸਥਾਪਨਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਅਤੇ ਉਦੇਸ਼ ਲਈ ਕੀਤੀ ਸੀ ਪਰ ਮਨੂੰਵਾਦੀ ਤਾਕਤਾਂ ਅਤੇ ਉਹਨਾਂ ਦੀ ਵਿਚਾਰਧਾਰਾ ਗੁਰੂ ਸਾਹਿਬਾਨ ਦੇ ਹੁਕਮ ਉਲਟ ਚਲ ਕੇ ਸਿੱਖ ਧਰਮ ਵਿਚ ਜਾਤ-ਪਾਤ ਵਧਾਉਣ ਦਾ ਯਤਨ ਕਰ ਰਹੀ ਹੈ।
ਲੰਮੇ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ’ਤੇ ਸਿੱਖੀ ਭੇਸ ਵਿਚ ਪੁਜਾਰੀ ਤਾਕਤਾਂ ਕਾਬਜ਼ ਸਨ। ਇਹਨਾਂ ਨੇ ਸਿੱਖਾਂ ਦੇ ਮੁੱਖ ਅਤੇ ਕੇਂਦਰੀ ਧਾਰਮਿਕ ਸਥਾਨ ਦਰਬਾਰ ਸਾਹਿਬ, ਅੰਮ੍ਰਿਤਸਰ ਸਮੂਹ ’ਤੇ ਕਬਜ਼ੇ ਦੌਰਾਨ ਮਨਆਈਆਂ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਦਰਬਾਰ ਸਾਹਿਬ ਵਿਚ ਮੂਰਤੀ ਪੂਜਾ,ਛੂਆ-ਛਾਤ ਅਤੇ ਹੋਰ ਬਹੁਤ ਸਾਰੇ ਅਧਾਰਮਿਕ, ਗੈਰ-ਸਮਾਜਿਕ ਕਾਰਜ ਕੀਤੇ ਜਾਂਦੇ ਸਨ ਜੋ ਸਿੱਖ ਧਰਮ ਦੀ ਸੱਚੀ-ਸੁੱਚੀ ਵਿਚਾਰਧਾਰਾ ਨੂੰ ਢਾਹ ਲਾ ਰਹੇ ਸਨ; ਇਥੋਂ ਤਕ ਕਿ ਕਥਿਤ ਅਛੂਤ ਸਿੱਖ ਦਰਬਾਰ ਸਾਹਿਬ ਦੇ ਅੰਦਰ ਨਤਮਸਤਕ ਨਹੀਂ ਸੀ ਹੋ ਸਕਦਾ, ਉਸ ਦੀ ਅਰਦਾਸ ਪੁਜਾਰੀ ਨਹੀਂ ਸੀ ਕਰਦੇ ਤੇ ਨਾ ਹੀ ਉਸ ਦਾ ਕੜਾਹ ਪ੍ਰਸਾਦਿ ਪ੍ਰਵਾਨ ਕੀਤਾ ਜਾਂਦਾ ਸੀ। ਈਸਾਈ ਧਰਮ ਗ੍ਰਹਿਣ ਕਰ ਕੇ ਟੋਪੀ ਪਾ ਕੇ ਆ ਜਾਂਦਾ ਤਾਂ ਪੁਜਾਰੀ ਤੇ ਮਹੰਤ ਉਸ ਦੇ ਅੱਗੇ-ਪਿੱਛੇ ਘੁੰਮਦੇ ਸਨ।
ਇਸ ਵਰਤਾਰੇ ਨੂੰ ਨੱਥ ਪਾਉਣ ਲਈ 10, 11 ਅਤੇ 12 ਅਕਤੂਬਰ 1920 ਨੂੰ ਅਛੂਤ ਸਿੱਖ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖ ਜਿਹਨਾਂ ਵਿਚ ਵੱਡੀ ਗਿਣਤੀ ਮਾਝੇ ਦੇ ਮਜ਼੍ਹਬੀ ਸਿੱਖ (ਰਵਿਦਾਸੀਆ ਸਿੱਖ, ਕਬੀਰ ਪੰਥੀ ਅਤੇ ਹੋਰ ਅਛੂਤ ਜਾਤੀਆਂ ਦੇ ਸਿੱਖ) ਜੱਲਿਆਂਵਾਲੇ ਬਾਗ ਵਿਚ ਇੱਕਤਰ ਹੋਏ ਅਤੇ ਲਗਾਤਾਰ ਦੋ ਦਿਨ ਦੀਵਾਨ ਸਜਾਏ। ਇਸ ਨੂੰ ਸੁੰਦਰ ਸਿੰਘ ਮਜੀਠੀਏ ਵਰਗੇ ਰਾਜਨੀਤੀ ’ਚ ਗੁੜ੍ਹੇ ਨਾਮੀ ਵਿਅਕਤੀਆਂ ਨੇ ਥਾਪੜਾ ਵੀ ਦਿੱਤਾ ਸੀ। ਉਹ 11 ਅਕਤੂਬਰ 1920 ਦੇ ਦਿਨ ਦੀਵਾਨ ਵਿਚ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰੋਫੈਸਰ, ਵਿਦਿਆਰਥੀਆਂ ਨਾਲ ਸ਼ਾਮਿਲ ਵੀ ਹੋਏ। 12 ਅਕਤੂਬਰ 1920 ਨੂੰ ਵੱਡੇ ਇੱਕਠ ਦੇ ਰੂਪ ਵਿਚ ਦਲਿਤ ਸਿੱਖ ‘ਖਾਲਸਾ ਬਰਾਦਰੀ’ ਦੇ ਮੁਖੀ ਮਤਾਬ ਸਿੰਘ ਬੀਰ (ਜੋ ਅਛੂਤ ਸਿੱਖਾਂ ਦੀ ਜੱਥੇਬੰਦੀ ਦੇ ਮੁਖੀ ਸਨ) ਅਤੇ ਮਜ਼੍ਹਬੀ ਸਿੱਖ ਆਗੂ ਢੇਰਾ ਸਿੰਘ ਜਿਸ ਮਾਰਚ ਦੀ ਅਗਵਾਈ ਕਰ ਰਹੇ ਸਨ, ਦਰਬਾਰ ਸਾਹਿਬ ਪਹੁੰਚੇ। ਇਹਨਾਂ ਦਾ ਸਾਥ ਗੁਰੂਆਂ ਦੀ ਸਿੱਖਿਆ ਤੇ ਚੱਲਣ ਵਾਲੇ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰੋਫ਼ੈਸਰ ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ ਤੇ ਵਿਦਿਆਰਥੀਆਂ ਤੋਂ ਇਲਾਵਾ ‘ਅਕਾਲੀ ਦਲ ਖਰਾ ਸੌਦਾ ਬਾਰ’ ਦੇ ਅਹੁਦੇਦਾਰਾਂ ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਭੁੱਚਰ ਆਦਿ ਨੇ ਦਿੱਤਾ। ਦਰਬਾਰ ਸਾਹਿਬ ਅੰਦਰ ਅਛੂਤ ਸਿੱਖਾਂ ਦੀ ਅਰਦਾਸ ਕਰਨ ਅਤੇ ਕੜਾਹ ਪ੍ਰਸਾਦਿ ਨੂੰ ਪ੍ਰਵਾਨ ਕਰਨ ਨੂੰ ਲੈ ਕੇ ਇਨ੍ਹਾਂ ਸਿੱਖ ਆਗੂਆਂ ਅਤੇ ਪੁਜਾਰੀ-ਮਹੰਤਾਂ ਵਿਚਾਲੇ ਕਾਫ਼ੀ ਬਹਿਸ ਹੋਈ; ਅੰਤ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਛੱਡ ਦਿੱਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲਿਆ ਗਿਆ। ਇਹ ਵਾਕ ਗੁਰੂ ਅਮਰਦਾਸ ਜੀ ਦੀ ਬਾਣੀ (638) ’ਚੋਂ ਆਇਆ: ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਇ॥ ਇਉਂ ਫ਼ੈਸਲਾ ਅਛੂਤ ਸਿੱਖਾਂ ਦੇ ਹੱਕ ਵਿਚ ਰਿਹਾ। ਫਿਰ ਅਰਦਾਸ ਹੋਈ, ਕੜਾਹ ਪ੍ਰਸਾਦਿ ਵਰਤਾਇਆ, ਸੰਗਤ ਉਸੇ ਤਰ੍ਹਾਂ ਅਕਾਲ ਤਖਤ ਸਾਹਿਬ ਪਹੁੰਚੀ। ਦਰਬਾਰ ਸਾਹਿਬ ਵਿਚ ਕੜਾਹ ਪ੍ਰਸਾਦਿ ਵਾਲੀ ਘਟਨਾ ਸੁਣ ਕੇ ਪੁਜਾਰੀ ਉਥੋਂ ਭੱਜ ਗਏ ਸਨ ਜੋ ਬੁਲਾਉਣ ’ਤੇ ਵੀ ਵਾਪਿਸ ਨਾ ਪਹੁੰਚੇ। ਇਸ ਪਿੱਛੋਂ ਕਰਤਾਰ ਸਿੰਘ ਝੱਬਰ ਅਤੇ ਹੋਰ ਆਗੂ ਸਿੱਖਾਂ ਨੇ ਉਥੋਂ ਦੀ ਸੇਵਾ ਸੰਭਾਲਣ ਲਈ 17 ਮੈਂਬਰੀ ਕਮੇਟੀ (ਕੁਝ ਲੇਖਕ 25 ਲਿਖਦੇ ਹਨ) ਬਣਾ ਕੇ ਤੇਜਾ ਸਿੰਘ ਭੁੱਚਰ ਨੂੰ ਕਮੇਟੀ ਦਾ ਜਥੇਦਾਰ ਬਣਾਇਆ। ਇਸ 17 ਮੈਂਬਰੀ ਕਮੇਟੀ ਵਿਚੋਂ 10 ਮਜ਼੍ਹਬੀ ਤੇ ਰਾਮਦਾਸੀਆ ਸਿੱਖ ਸਨ। ਸ਼੍ਰੀ ਅਕਾਲ ਤਖਤ ਸਾਹਿਬ ’ਤੇ ਕਬਜ਼ਾ ਕਰਨ ਵੇਲੇ ਉਥੇ ਮੌਜੂਦ ਸਿੱਖ ਆਗੂਆ ਨੇ ਡਾ. ਸੈਫੂਦੀਨ ਕਿਚਲੂ ਦੀ ਵੀ ਸਲਾਹ ਲਈ ਜਿਸ ਨੇ ਇਸ ਕਦਮ ਨੂੰ ਠੀਕ ਦੱਸਿਆ।
ਇਹ ਘਟਨਾ ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਨ ਦਾ ਮੁੱਢ ਬਣੀ। ਇਸ ਸ਼ਤਾਬਦੀ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਸਿੱਖ ਧਰਮ ਵਿਚ ਬਰਾਬਰੀ ਦਾ ਸਿਧਾਂਤ ਹੈ, ਉਸ ’ਤੇ ਮੁੜ ਵਿਚਾਰ ਕੀਤਾ ਜਾਵੇ ਕਿ ਇਸ ਸਿਧਾਂਤ ਨੂੰ ਕਿੱਥੇ, ਕਿਵੇਂ ਤੇ ਕਿਉਂ ਢਾਹ ਲੱਗ ਰਹੀ ਹੈ। ਮੌਜੂਦਾ ਸਮੇਂ ਵੀ ਇਹ ਦੇਖਣ ਵਿਚ ਆਇਆ ਹੈ ਕਿ 102 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਜਾਤ-ਹੰਕਾਰੀ ਲੋਕ ਪਿੰਡਾਂ ਵਿਚ ਦਲਿਤਾਂ ਨਾਲ ਜਿ਼ਆਦਤੀਆਂ ਕਰਦੇ ਹਨ ਅਤੇ ਗੁਰਦੁਆਰਿਆਂ ’ਚੋਂ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਫਰਮਾਨ ਜਾਰੀ ਕਰਦੇ ਹਨ, ਗੁਰਦੁਆਰਿਆਂ ਅਤੇ ਪੰਚਾਇਤਾਂ ਦਾ ਇਸਤੇਮਾਲ ਦਲਿਤਾਂ ਖਿਲਾਫ ਮਤੇ ਪਾਉਣ ਲਈ ਕਰਦੇ ਹਨ। ਕੁਝ ਨਿਹੰਗ ਸਿੰਘ ਜਥੇਬੰਦੀਆਂ ਦਲਿਤ ਸਿੱਖਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਅਕਾਲ ਤਖਤ ਸਾਹਿਬ (ਬਾਬਾ ਜੀਵਨ ਸਿੰਘ ਜੀ ਨੇ 1699 ਨੂੰ ਅੱਖੀਂ ਦੇਖੀ ਮਰਯਾਦਾ ਨੂੰ ਆਪਣੀ ਬਾਣੀ ਵਿਚ ਵੀ ਅੰਕਿਤ ਕੀਤਾ ਹੈ) ਦੀ ਮਰਿਆਦਾ ਨੂੰ ਅੱਖੋਂ ਓਹਲੇ ਕਰ ਵੱਖਰੇ ਬਾਟੇ, ਵੱਖਰੇ ਸਥਾਨ ਤੇ ਅਖੌਤੀ ਉੱਚ ਜਾਤਾਂ ਦੇ ਅੰਮ੍ਰਿਤ ਅਭਿਲਾਖੀਆਂ ਤੋਂ ਵੱਖ ਅੰਮ੍ਰਿਤ ਛਕਾਇਆ ਜਾਂਦਾ ਹੈ।
ਕਈ ਸੰਪਰਦਾਵਾਂ ਦੇ ਡੇਰਿਆਂ ਜੋ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ’ਤੇ ਦਲਿਤ ਅੰਮ੍ਰਿਤਧਾਰੀ ਸਿੱਖਾਂ ਨੂੰ ਲੰਗਰ ਛਕਾਉਣ ਸਮੇਂ ਵੱਖਰੀ ਪੰਗਤ, ਵੱਖਰੇ ਭਾਂਡੇ ਦਿੱਤੇ ਜਾਂਦੇ ਹਨ ਜੋ ਪਹਿਲਾਂ ਹੀ ਵੱਖਰੇ ਰੱਖੇ ਹੁੰਦੇ ਹਨ। ਦਲਿਤਾਂ ਨੂੰ ਉੱਥੇ ਤਿਆਰ ਕੀਤੇ ਜਾਂਦੇ ਲੰਗਰ ਨੂੰ ਵਰਤਾਉਣ ਤੇ ਬਣਾਉਣ ’ਤੇ ਪਾਬੰਦੀ ਆਦਿ ਵਰਤਾਰਾ ਵੱਖਰੇ ਹਨ। ਦਲਿਤਾਂ ਦੇ ਮ੍ਰਿਤਕ ਸਰੀਰਾਂ ਦਾ ਅੰਤਿਮ ਸੰਸਕਾਰ ਨਾ ਕਰਨ ਵਾਲੀਆਂ ਘਟਨਾਵਾਂ ਕਈ ਵਾਰ ਵਾਪਰਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਸ਼ਮਸ਼ਾਨਘਾਟ ਵੀ ਵੱਖ ਹਨ। ਜਾਤੀਵਾਦੀ ਸਿੱਖਾਂ ਵੱਲੋਂ ਬਹੁਤ ਹੀ ਅਹਿਮ ਅੰਗ ਦਲਿਤ ਸਿੱਖਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਅੱਜ ਦੇ ਸਮਰੱਥ ਸਿੱਖ ਅਤੇ ਸਿੱਖ ਸੰਸਥਾਵਾਂ ਨੂੰ ਦਲਿਤਾਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਇਹਨਾਂ ਦਾ ਜੀਵਨ ਪੱਧਰ ਸੁਧਾਰਨ ਲਈ ਪੂਰੇ ਤਨ ਮਨ ਨਾਲ, ਗੁਰੂ ਸਾਹਿਬਾਨ ਦੇ ਸੰਕਲਪ ਤੇ ਦ੍ਰਿੜ ਰਹਿ ਕੇ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ’ਤੇ ਚੱਲ ਕੇ ਸਿੱਖ ਧਰਮ ਨੂੰ ਸੰਸਾਰ ਪੱਧਰ ਤੇ ਸਾਂਝੀਵਾਲਤਾ ਦਾ ਸੰਸਾਰ ਧਰਮ ਬਣਾਉਣਾ ਚਾਹੀਦਾ ਹੈ।
ਸੰਪਰਕ: 93161-07093