ਨਵੀਂ ਦਿੱਲੀ, 17 ਅਕਤੂਬਰ
ਕੌਮੀ ਰਾਜਧਾਨੀ ਵਿੱਚ ਹਵਾ ਗੁਣਵੱਤਾ ਅੱਜ ਸਵੇਰੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਇਸ ਸਬੰਧੀ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਅਜਿਹਾ ਹੋਇਆ ਹੈ। ਇਸ ਦੌਰਾਨ ਉਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਜ਼ਿੰਮੇਦਾਰੀ ਵਾਲਾ ਰਵੱਈਆ ਅਪਣਾਉਣ ਦੀ ਅਪੀਲ ਕੀਤੀ ਹੈ। ਰਾਏ ਨੇ ਕਿਹਾ ਕਿ ਇਹ ਆਮ ਵਰਤਾਰਾ ਹੈ ਕਿ ਜਿਵੇਂ-ਜਿਵੇਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵੱਧ ਦੀਆਂ ਹਨ ਤਾਂ ਦਿੱਲੀ ਵਿੱਚ ਹਵਾ ਗੁਣਵੱਤਾ ਵਿਗੜਨ ਲੱਗਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਦੋ ਦਿਨ ਪਹਿਲਾਂ ਏਕਿਊਆਈ 171 ਸੀ, ਪਰ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਣ ਨਾਲ ਏਕਿਊਆਈ ਖਰਾਬ ਹੋਣ ਲੱਗਾ। ਐਤਵਾਰ ਨੂੰ ਇਹ 284 ਰਿਹਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਇਕ ਆਮ ਪ੍ਰਕਿਰਿਆ ਹੈ। ਉਨ੍ਹਾਂ ਕਿਹਾ, ‘ਅਸੀਂ ਗੁਆਂਢੀ ਰਾਜਾਂ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਕੰਟਰੋਲ ਕਰਨ ਦੀ ਬੇਨਤੀ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ। ਪਰਾਲੀ ਸਾੜਨ ਦੇ ਦੂਜੇ ਬਦਲ ਵਜੋਂ ਅਸੀਂ ਖੇਤਾਂ ਵਿੱਚ ਡੀ-ਕੰਪੋਜ਼ਰ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਅਜਿਹਾ ਹੀ ਗੁਆਂਢੀ ਰਾਜਾਂ ਨੂੰ ਕਰਨਾ ਚਾਹੀਦਾ ਹੈ।’’ ਸ੍ਰੀ ਰਾਏ ਨੇ ਕਿਹਾ ‘‘ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਘੱਟ ਕਰਨ ਲਈ ਇਕ ਜ਼ਿੰਮੇਦਾਰੀ ਵਾਲਾ ਨਜ਼ਰੀਆ ਅਪਣਾਉਣ ਦੀ ਲੋੜ ਹੈ। ਸਰਕਾਰ ਨੂੰ ਆਪਣੇ ਰਾਜਾਂ ਵਿੱਚ ਬਾਇਓ-ਡੀਕੰਪੋਜ਼ਰ ਦਾ ਛਿੜਕਾਅ ਕਰਨ ਦੀ ਸਹੂਲਤ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਕਿ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ’’। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸਵੇਰੇ 11 ਵਜੇ ਦਿੱਲੀ ਵਿੱਚ ਏਕਿਊਆਈ 339 ਸੀ, ਜੋ ਬਹੁਤ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ। ਸਿਫ਼ਰ ਤੋਂ 50 ਵਿਚਾਲੇ ਏਕਿਊਆਈ ਚੰਗਾ ਆਉਂਦਾ ਹੈ। -ਪੀਟੀਆਈ
‘ਰੈੱਡ ਲਾਈਨ ਆਨ, ਗੱਡੀ ਆਫ਼’ ਮੁਹਿੰਮ ਅੱਜ ਤੋਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਦਿੱਲੀ ਸਰਕਾਰ ਵੱਲੋਂ ਮੁੜ ‘ਰੈੱਡ ਲਾਈਨ ਆਨ, ਗੱਡੀ ਆਫ਼’ ਮੁਹਿੰਮ ਭਲਕੇ 18 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਦਿੱਲੀ ਦੇ ਅਹਿਮ ਚੌਕਾਂ ’ਤੇ ਵਾਤਾਵਰਨ ਮਾਰਸ਼ਲ ਤਾਇਨਾਤ ਕੀਤੇ ਜਾਣਗੇ, ਜੋ ਵਾਹਨ ਚਾਲਕਾਂ ਨੂੰ ਲਾਲ ਬੱਤੀ ਹੋਣ ਦੌਰਾਨ ਆਪਣੀਆਂ ਗੱਡੀਆਂ ਦੇ ਇੰਜਣ ਬੰਦ ਕਰਨ ਲਈ ਆਖਣਗੇ। ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਲਾਲ ਬੱਤੀਆਂ ’ਤੇ ਚਾਲੂ ਹਾਲਤ ਵਿੱਚ ਖੜ੍ਹੇ ਵਾਹਨਾਂ ਵਿੱਚੋਂ ਜੋ ਧੂੰਆਂ ਨਿਕਲਦਾ ਹੈ ਉਹ ਕਰੀਬ ਪ੍ਰਦੂਸ਼ਣ ਵਿੱਚ 10 ਫ਼ੀਸਦ ਵਾਧਾ ਕਰਦਾ ਹੈ। ਜ਼ਿਕਰਯੋਗ ਹੈ ਕਿ ਮੁੱਖ ਚੌਕਾਂ ’ਤੇ 20-20 ਮਾਰਸ਼ਲ ਲਾਏ ਜਾ ਰਹੇ ਹਨ ਤੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਵਾਲੰਟੀਅਰ ਤਖ਼ਤੀਆਂ ਫੜ ਕੇ ਲੋਕਾਂ ਨੂੰ ਵਾਹਨ ਬੰਦ ਕਰਨ ਦੀ ਬੇਨਤੀ ਕਰਨਗੇ। ਦਿੱਲੀ ਪੁਲੀਸ ਵੀ ਇਸ ਮੁਹਿੰਮ ਵਿੱਚ ਸਹਿਯੋਗ ਕਰੇਗੀ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਜਾਂ ਵਿੱਚ ਪਰਾਲੀ ਸਾੜਨ ਤੋਂ ਰੋਕਣ ਦੇ ਬੰਦੋਬਸਤ ਕਰਨ। ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਦੀ ਹਵਾ ਐਤਵਾਰ ਨੂੰ ਬਹੁਤ ਖਰਾਬ ਵਰਗ ਵਿੱਚ ਸ਼ੁਮਾਰ ਹੋ ਗਈ ਹੈ ਤੇ ਇਹ ਪ੍ਰਦੂਸ਼ਣ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਸਾੜੀ ਗਈ ਪਰਾਲੀ ਕਾਰਨ ਹੋਇਆ ਹੈ। ਦਿੱਲੀ ਸਰਕਾਰ ਵੱਲੋਂ ਬੀਤੇ ਦਿਨਾਂ ਤੋਂ ਧੂੜ ਪ੍ਰਦੂਸ਼ਣ ਘਟਾਉਣ ਲਈ ਛਾਪੇਮਾਰੀ ਦਾ ਜ਼ਿੰਮਾ ਵਾਤਾਵਰਨ ਮੰਤਰੀ ਗੋਪਾਲ ਰਾਇ ਨੇ ਲਿਆ ਹੋਇਆ ਹੈ ਤੇ ਹੁਣ ਤੱਕ ਕਈਆਂ ਨੂੰ ਭਾਰੀ ਜੁਰਮਾਨੇ ਕੀਤੇ ਜਾ ਚੁੱਕੇ ਹਨ।