ਪੱਤਰ ਪ੍ਰੇਰਕ
ਰਤੀਆ, 17 ਅਕਤੂਬਰ
ਇਥੇ ਡੀਏਪੀ ਖਾਦ ਦੀ ਕਿੱਲਤ ਦੇ ਚੱਲਦਿਆਂ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕਣਕ ਦੀ ਬਿਜਾਈ ਸਿਰ ’ਤੇ ਖੜ੍ਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਡੀਏਪੀ ਖਾਦ ਸਮੇਂ ਸਿਰ ਨਾ ਮਿਲੀ ਤਾਂ ਕਣਕ ਦੀ ਬਿਜਾਈ ਪ੍ਰਭਾਵਿਤ ਹੋਵੇਗੀ। ਅੱਜ ਮੰਡੀ ਬੋਰਡ ਸਥਿਤ ਹੈਫਡ ਦੇ ਗੁਦਾਮਾਂ ਵਿੱਚ ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਦੋਸ਼ ਲਾਇਆ ਕਿ ਹੈਫਡ ਵਲੋਂ ਉਕਤ ਖਾਦ ਦੇ ਗੱਟਿਆਂ ਨੂੰ ਇਥੇ ਸਟੋਰ ਕਰਕੇ ਰੱਖਿਆ ਹੋਇਆ ਹੈ ਜੋ ਕਿ ਕਿਸਾਨਾਂ ਨੂੰ ਬਲੈਕਮੇਲ ਕਰਕੇ ਵੱਧ ਭਾਅ ’ਤੇ ਵੇਚਿਆ ਜਾਵੇਗਾ। ਕਿਸਾਨ ਸੰਘਰਸ਼ ਸੰਮਤੀ ਦੇ ਆਗੂਆਂ ਮਨਦੀਪ ਸਿੰਘ ਨਥਵਾਨ, ਸੁਖਦੀਪ ਸੁੱਖੀ ਤੇ ਹਰਜੀਤ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਕਿਸਾਨ ਡੀਏਪੀ ਖਾਦ ਪ੍ਰਾਪਤ ਕਰਨ ਲਈ ਧੱਕੇ ਖਾ ਰਹੇ ਹਨ ਪਰ ਦੂਜੇ ਪਾਸੇ ਗੁਦਾਮਾਂ ਵਿੱਚ ਜਮ੍ਹਾਂ ਡੀਏਪੀ ਖਾਦ ਕਿਸਾਨਾਂ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਸ਼ੋਸ਼ਣ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਸਪਲਾਈ ਤੁਰੰਤ ਦਿੱਤੀ ਜਾਵੇ। ਦੂਜੇ ਪਾਸੇ ਹੈਫਡ ਅਧਿਕਾਰੀਆਂ ਨੇ ਉਕਤ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਡੀਏਪੀ ਖਾਦ ਦੀ ਨਿਯਮਾਂ ਅਨੁਸਾਰ ਸਪਲਾਈ ਕੀਤੀ ਜਾ ਰਹੀ ਹੈ।