ਪਾਲ ਸਿੰਘ ਨੌਲੀ
ਜਲੰਧਰ, 17 ਅਕਤੂਬਰ
ਸਿੱਖਿਆ ਅਤੇ ਖੇਡਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਕਿਹਾ ਕਿ ਛੇਤੀ ਹੀ ਸੂਬਾ ਸਰਕਾਰ ਬਿਜਲੀ ਦਰਾਂ ਵਿੱਚ ਦੋ ਤੋਂ ਤਿੰਨ ਰੁਪਏ ਪ੍ਰਤੀ ਯੂਨਿਟ ਕਟੌਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ। ਉਹ ਅੱਜ ਆਪਣੇ ਹਲਕੇ ਵਿੱਚ ਕਰਜ਼ਾ ਮੁਆਫ਼ੀ ਸਕੀਮ ਤਹਿਤ ਬੇਜ਼ਮੀਨੇ ਕਿਸਾਨਾਂ ਨੂੰ ਚੈੱਕ ਵੰਡਣ ਲਈ ਕਰਵਾਏ ਗਏ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਦੋ ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਦੇ 1200 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਦੇ ਫੈ਼ਸਲੇ ਤੋਂ ਬਾਅਦ ਬਿਜਲੀ ਖਪਤਕਾਰਾਂ ਨੂੰ ਇੱਕ ਹੋਰ ਵੱਡੀ ਰਾਹਤ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਸ ਨਵੰਬਰ ਦੇ ਅੰਤ ਤੱਕ 1200 ਲੈਕਚਰਾਰ ਭਰਤੀ ਕੀਤੇ ਜਾਣਗੇ, ਜਿਸ ਸਬੰਧੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਇਸ ਤੋਂ ਇਲਾਵਾ ਸਕੂਲ ਪੱਧਰ ’ਤੇ ਖੇਡ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਸਮੁੱਚੇ 3.5 ਲੱਖ ਸਕੂਲੀ ਬੱਚਿਆਂ ਵਿੱਚ ਖੇਡ ਕਿੱਟਾਂ ਵੰਡਣ ਲਈ ਇੱਕ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪਰਗਟ ਸਿੰਘ ਨੇ ਆਪਣੇ ਹਲਕੇ ਜਲੰਧਰ ਛਾਉਣੀ ਵਿੱਚ ਆਉਂਦੇ ਕੁੱਕੜ ਪਿੰਡ ਅਤੇ ਫੋਲੜੀਵਾਲ ਪਿੰਡਾਂ ਵਿੱਚ ਸਰਕਾਰੀ ਸਕੂਲ ਖੋਲ੍ਹਣ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਫੋਲੜੀਵਾਲ ਵਿੱਚ ਇੱਕ ਹਾਕੀ ਤੇ ਫੁੱਟਬਾਲ ਅਕੈਡਮੀ ਵੀ ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਧੀਨਾ ਵਿੱਚ 65 ਲੱਖ ਦੀ ਲਾਗਤ ਵਾਲਾ ਮਾਡਲ ਸਪੋਰਟਸ ਪਾਰਕ ਵੀ ਉਸਾਰੀ ਅਧੀਨ ਹੈ।
1466 ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦੇ ਚੈੱਕ ਵੰਡੇ
ਅੱਜ ਹੋਏ ਸਮਾਗਮ ਦੌਰਾਨ ਸੱਤ ਸਹਿਕਾਰੀ ਸੁਸਾਇਟੀਆਂ ਨਾਲ ਸਬੰਧਤ 1466 ਲਾਭਪਾਤਰੀਆਂ ਨੂੰ 3.59 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਕੀਮ ਦੇ ਚੈੱਕ ਵੰਡੇ ਗਏ। ਇਸ ਦੌਰਾਨ ਸਿੱਖਿਆ ਅਤੇ ਖੇਡ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਧਨਾਲ ਦੇ 266 ਲਾਭਪਾਤਰੀਆਂ ਨੂੰ 56.10 ਲੱਖ ਰੁਪਏ, ਖਾਂਭੜਾ ਤੋਂ 292 ਨੂੰ 59.33 ਲੱਖ ਰੁਪਏ, ਕਾਦੀਆਂਵਾਲੀ ਦੇ 153 ਨੂੰ 33.66 ਲੱਖ ਰੁਪਏ, ਫੋਲੜੀਵਾਲ ਦੇ 127 ਨੂੰ 21.02 ਲੱਖ ਰੁਪਏ, ਹਮੀਰੀ ਖੇੜਾ ਦੇ 286 ਨੂੰ 61.16 ਲੱਖ ਰੁਪਏ, ਕੁੱਕੜ ਪਿੰਡ ਦੇ 84 ਨੂੰ 45.43 ਲੱਖ ਰੁਪਏ ਅਤੇ ਰਾਏਪੁਰ ਫਰਾਲਾ ਪਿੰਡ ਦੇ 258 ਲਾਭਪਾਤਰੀਆਂ ਨੂੰ 82.44 ਲੱਖ ਦੇ ਚੈੱਕ ਸੌਂਪਦਿਆਂ ਕਰਜ਼ੇ ਤੋਂ ਰਾਹਤ ਦਿੱਤੀ।