ਨਵੀਂ ਦਿੱਲੀ, 11 ਅਕਤੂਬਰ
ਸੀਬੀਆਈ ਨੇ ਆਮਦਨ ਤੋਂ ਵੱਧ 5.53 ਕਰੋੜ ਰੁਪਏ ਦੇ ਅਸਾਸਿਆਂ ਨਾਲ ਜੁੜੇ ਕੇਸ ਵਿੱਚ ਡੀਐੱਮਕੇ ਆਗੂ ਏ.ਰਾਜਾ ਖਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਭ੍ਰਿਸ਼ਟਾਚਾਰ ਦਾ ਇਹ ਕੇਸ ਰਾਜਾ ਦੇ ਕੇਂਦਰੀ ਮੰਤਰੀ ਵਜੋਂ ਕਾਰਜਕਾਲ ਨਾਲ ਸਬੰਧਤ ਹੈ। ਕੇਂਦਰੀ ਜਾਂਚ ਏਜੰਸੀ ਨੇ ਵਿਸ਼ੇਸ਼ ਸੀਬੀਆਈ ਕੋਰਟ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਦਾ ਨੇੜਲੇ ਸਾਥੀ ਸੀ.ਕ੍ਰਿਸ਼ਨਾਮੂਰਤੀ ਨੇ ਜਨਵਰੀ 2007 ਵਿੱਚ ਕੋਵਈ ਸ਼ੈਲਟਰਜ਼ ਪ੍ਰਮੋਟਰਜ਼ ਕੰਪਨੀ ਸਥਾਪਿਤ ਕੀਤੀ ਸੀ। ਇਸ ਕੰਪਨੀ ਨੂੰ ਉਸੇ ਸਾਲ ਫਰਵਰੀ ਵਿੱਚ ਗੁਰੂਗ੍ਰਾਮ ਅਧਾਰਿਤ ਰੀਅਲ ਅਸਟੇਟ ਕੰਪਨੀ ਤੋਂ ਕਾਂਚੀਪੁਰਮ ਵਿੱਚ ਖਰੀਦ ਕੀਤੀ ਜ਼ਮੀਨ ਦੇ ਕਮਿਸ਼ਨ ਵਜੋਂ 4.56 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਏਜੰਸੀ ਨੇ ਦਾਅਵਾ ਕੀਤਾ ਕਿ ਇਹ ਅਦਾਇਗੀ ਰਾਜਾ ਵੱਲੋਂ ਰੀਅਲ ਅਸਟੇਟ ਕੰਪਨੀ ਨੂੰ ਇਨਫਰਾਸਟਰੱਕਚਰ ਕੰਪਨੀ ਵਜੋਂ ਸਟੇਟਸ ਦਿਵਾਉਣ ਦੇ ਸ਼ੁਕਰਾਨੇ ਵਜੋਂ ਦਿੱਤੀ ਗਈ ਸੀ। -ਪੀਟੀਆਈ