ਜੰਮੂ/ਸ੍ਰੀਨਗਰ, 17 ਅਕਤੂਬਰ
ਜੰਮੂ ਕਸ਼ਮੀਰ ਵਿਚ ਲਗਾਤਾਰ ਹੋ ਰਹੀਆਂ ਨਾਗਰਿਕਾਂ ਤੇ ਸੁਰੱਖਿਆ ਕਰਮੀਆਂ ਦੀਆਂ ਹੱਤਿਆਵਾਂ ਖ਼ਿਲਾਫ਼ ਅੱਜ ਕਈ ਜਥੇਬੰਦੀਆਂ ਨੇ ਰੋਸ ਜ਼ਾਹਿਰ ਕੀਤਾ। ਉਨ੍ਹਾਂ ਵੱਖ-ਵੱਖ ਥਾਵਾਂ ਉਤੇ ਅਤਿਵਾਦ ਤੇ ਪਾਕਿਸਤਾਨ ਵਿਰੁੱਧ ਰੋਸ ਮੁਜ਼ਾਹਰੇ ਕੀਤੇ। ਜ਼ਿਕਰਯੋਗ ਹੈ ਕਿ ਸ੍ਰੀਨਗਰ ਤੇ ਪੁਲਵਾਮਾ ਜ਼ਿਲ੍ਹਿਆਂ ਵਿਚ ਅਤਿਵਾਦੀਆਂ ਨੇ ਸ਼ਨਿਚਰਵਾਰ ਦੋ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਅੱਜ ਸੰਗਠਨਾਂ ਨੇ ਜੰਮੂ ਦੇ ਕਈ ਹਿੱਸਿਆਂ ਤੇ ਸਰਹੱਦੀ ਜ਼ਿਲ੍ਹੇ ਪੁਣਛ ਵਿਚ ਰੋਸ ਜ਼ਾਹਿਰ ਕੀਤਾ। ਮੁਜ਼ਾਹਰਾਕਾਰੀਆਂ ਨੇ ਪਾਕਿਸਤਾਨ ਸਰਕਾਰ ਦੇ ਪੁਤਲੇ ਸਾੜੇ ਤੇ ਗੁਆਂਢੀ ਮੁਲਕ ਉਤੇ ਅਤਿਵਾਦ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਰੋਸ ਜ਼ਾਹਿਰ ਕਰਨ ਵਾਲਿਆਂ ਵਿਚ ਸ਼ਿਵ ਸੈਨਾ ਡੋਗਰਾ ਫਰੰਟ, ਜੰਮੂ ਕਸ਼ਮੀਰ ਪੰਚਾਇਤ ਕਾਨਫਰੰਸ, ਰਾਸ਼ਟਰੀ ਬਜਰੰਗ ਦਲ, ਭਾਰਤੀ ਜਨਤਾ ਯੁਵਾ ਮੋਰਚਾ ਤੇ ਰਾਜਪੂਤ ਕਰਨੀ ਸੈਨਾ ਦੇ ਕਾਰਕੁਨ ਸ਼ਾਮਲ ਸਨ। -ਪੀਟੀਆਈ