ਨਵੀਂ ਦਿੱਲੀ: ਭਾਰਤ ਨੇ 156 ਦੇਸ਼ਾਂ ਦੇ ਨਾਗਰਿਕਾਂ ਲਈ ਪੰਜ ਸਾਲ ਦਾ ਸੈਲਾਨੀ ਈ-ਵੀਜ਼ਾ ਬਹਾਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਿਯਮਤ ਪੇਪਰ ਵੀਜ਼ਾ ਵੀ ਸਾਰੇ ਮੁਲਕਾਂ ਦੇ ਨਾਗਰਿਕਾਂ ਲਈ ਬਹਾਲ ਕਰ ਦਿੱਤਾ ਗਿਆ ਹੈ। ਕੋਵਿਡ ਕਾਰਨ ਇਨ੍ਹਾਂ ਸਾਰੇ ਵੀਜ਼ਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 156 ਦੇਸ਼ਾਂ ਦੇ ਨਾਗਰਿਕਾਂ ਨੂੰ ਨਵੇਂ ਈ-ਵੀਜ਼ਾ ਵੀ ਦਿੱਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਵਰਤਮਾਨ ਲੰਮੀ ਮਿਆਦ ਦੇ ਵੀਜ਼ੇ (ਦਸ ਸਾਲ) ਜੋ ਕਿ ਅਮਰੀਕਾ ਤੇ ਜਾਪਾਨ ਦੇ ਨਾਗਰਿਕਾਂ ਨੂੰ ਸੈਰ-ਸਪਾਟੇ ਲਈ ਦਿੱਤੇ ਜਾਂਦੇ ਹਨ, ਵੀ ਤੁਰੰਤ ਪ੍ਰਭਾਵ ਨਾਲ ਬਹਾਲ ਹੋ ਗਏ ਹਨ। ਅਮਰੀਕਾ ਤੇ ਜਾਪਾਨ ਦੇ ਨਾਗਰਿਕਾਂ ਨੂੰ ਦਸ ਸਾਲ ਦੇ ਨਵੇਂ ਵੀਜ਼ਾ ਵੀ ਦਿੱਤੇ ਜਾਣਗੇ। -ਪੀਟੀਆਈ