ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਕਤੂਬਰ
ਮਾਲਵਾ ਪੱਟੀ ਵਿਚ ਨਰਮੇ ਦੀ ਫਸਲ ’ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਦਾ ਸੇਕ ਹੁਣ ਪਰਵਾਸੀ ਮਜ਼ਦੂਰਾਂ ਨੂੰ ਵੀ ਲੱਗਣ ਲੱਗਿਆ ਹੈ। ਜ਼ਿਕਰਯੋਗ ਹੈ ਕਿ ਬਾਹਰਲੇ ਸੂਬਿਆਂ ਦੇ ਵੱਡੀ ਗਿਣਤੀ ਮਜ਼ਦੂਰ ਪਰਿਵਾਰਾਂ ਸਮੇਤ ਅੱਜਕੱਲ੍ਹ ਨਰਮਾ ਚੁਗਣ ਲਈ ਇਸ ਨਰਮਾ ਪੱਟੀ ਵਿੱਚ ਆਏ ਹੋਏ ਹਨ ਪਰ ਅੱਗੇ ਫ਼ਸਲ ਨੂੰ ਚਿੰਬੜੀ ਸੁੰਡੀ ਨੇ ਉਨ੍ਹਾਂ ਦੇ ਸੁਫ਼ਨੇ ਤੋੜ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕਣਕ ਦੀ ਵਾਢੀ ਤੇ ਝੋਨੇ ਦੀ ਲਵਾਈ ਤੋਂ ਬਾਅਦ ਸਾਉਣੀ ਦੀ ਮੁੱਖ ਫ਼ਸਲ ਨਰਮੇ ਨੂੰ ਵੀ ਮਲਵਈ ਕਿਸਾਨ ਹਰ ਸਾਲ ਗੁਆਂਢੀ ਸੂਬਿਆਂ ਤੋਂ ਆਉਂਦੇ ਮਜ਼ਦੂਰਾਂ ਤੋਂ ਹੀ ਚੁਗਵਾਉਂਦੇ ਹਨ।
ਨਰਮਾ ਚੁਗਣ ਵਾਲੇ ਇਹ ਪਰਵਾਸੀ ਮਜ਼ਦੂਰ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚੋਂ ਆਉਂਦੇ ਹਨ। ਇਹ ਮਜ਼ਦੂਰ ਕਿਸਾਨਾਂ ਦੇ ਸਾਰਾ ਨਰਮਾ ਚੁਗਾ ਕੇ ਅਤੇ ਟੀਂਡਿਆਂ ਵਿਚਲਾ ਨਰਮਾ ਕੱਢਣ ਮਗਰੋਂ ਹਿਸਾਬ-ਕਿਤਾਬ ਕਰ ਕੇ ਹੀ ਆਪੋ-ਆਪਣੇ ਘਰਾਂ ਨੂੰ ਮੁੜਦੇ ਹਨ।
ਮਾਲਵਾ ਖੇਤਰ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਆਉਂਦੀਆਂ ਰੇਲ ਗੱਡੀਆਂ ਵਿੱਚ ਹਰ ਰੋਜ਼ ਪਰਿਵਾਰਾਂ ਦੇ ਪਰਿਵਾਰ ਟੋਲਿਆਂ ਦੇ ਰੂਪ ਵਿਚ ਰੇਲਵੇ ਸਟੇਸ਼ਨਾਂ ’ਤੇ ਉਤਰ ਰਹੇ ਹਨ, ਪਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਲਿਜਾਣ ਵਾਲੇ ਕਿਸਾਨਾਂ ਵਿੱਚ ਇਸ ਵਾਰ ਪਹਿਲਾਂ ਜਿੰਨਾ ਚਾਅ ਨਹੀਂ ਹੈ।
ਉਂਝ, ਕੁਝ ਪਿੰਡਾਂ ਦੇ ਕਿਸਾਨ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਪ੍ਰਤੀ ਕੁਇੰਟਲ ਰੇਟ ਨਿਸ਼ਚਿਤ ਕਰ ਕੇ ਲੈ ਕੇ ਤਾਂ ਜਾ ਰਹੇ ਹਨ, ਪਰ ਫ਼ਸਲ ਨੂੰ ਦੇਖ ਕੇ ਮਜ਼ਦੂਰਾਂ ਦਾ ਹੌਸਲਾ ਘੱਟ ਹੀ ਪੈ ਰਿਹਾ ਹੈ। ਇਕ ਕਿਸਾਨ ਗਿਆਨੀ ਗੁਰਬਚਨ ਸਿੰਘ ਘਰਾਂਗਣਾ ਨੇ ਦੱਸਿਆ ਕਿ ਇਸ ਵਾਰ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਵੱਲੋਂ ਤਬਾਹ ਕੀਤੇ ਜਾਣ ਕਰ ਕੇ ਬੇਸ਼ੱਕ ਪਰਵਾਸੀ ਮਜ਼ਦੂਰਾਂ ਨੂੰ ਸ਼ਹਿਰਾਂ ਤੋਂ ਪਿੰਡਾਂ ਵਿਚ ਲਿਜਾਂਦਾ ਜਾ ਰਿਹਾ ਹੈ, ਪਰ ਇਨ੍ਹਾਂ ਮਜ਼ਦੂਰਾਂ ਦਾ ਵੀ ਖੇਤਾਂ ਵਿਚ ਖੜ੍ਹਾ ਨਰਮਾ ਦੇਖ ਕੇ ਤੋੜਨ ਦਾ ਹੌਸਲਾ ਨਹੀਂ ਪੈ ਰਿਹਾ ਹੈ। ਉਹ ਇਸ ਔਖੀ ਘੜੀ ਵਿੱਚ ਘਰਾਂ ਨੂੰ ਵੀ ਮੁੜ ਨਹੀਂ ਸਕਦੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਇਹ ਪਰਵਾਸੀ ਮਜ਼ਦੂਰ ਘਰੋਂ ਰੋਜ਼ੀ-ਰੋਟੀ ਲਈ ਬੜੀਆਂ ਆਸਾਂ ਲੈ ਕੇ ਨਿਕਲੇ ਸਨ, ਪਰ ਗੁਲਾਬੀ ਸੁੰਡੀ ਨੇ ਕਿਸਾਨਾਂ ਦੇ ਨਾਲ-ਨਾਲ ਇਨ੍ਹਾਂ ਦੇ ਸੁਫ਼ਨਿਆਂ ਨੂੰ ਵੀ ਤੋੜ ਦਿੱਤਾ ਹੈ।
ਕੌਮਾਂਤਰੀ ਬਾਜ਼ਾਰ ਵਿਚ ਨਰਮੇ ਦੀ ਕੀਮਤ ਵਧਣ ਦਾ ਦਾਅਵਾ
ਬਠਿੰਡਾ (ਮਨੋਜ ਸ਼ਰਮਾ): ਮਾਲਵੇ ਖੇਤਰ ਦੀਆ ਕਪਾਹ ਮੰਡੀਆਂ ਵਿੱਚ ਨਰਮੇ ਦੀ ਫਸਲ ਦੀ ਕੀਮਤ ਵਿੱਚ ਜਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਨਰਮੇ ਦਾ ਘੱਟ ਤੋਂ ਘੱਟ ਰੇਟ 5726 ਰੁਪਏ ਅਤੇ ਵੱਧ ਤੋਂ ਵੱਧ 6025 ਤੈਅ ਕੀਤਾ ਗਿਆ ਹੈ ਪਰ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਕਿਸਾਨਾਂ ਨੂੰ ਨਰਮੇ ਦੀ ਕੀਮਤ 7200 ਤੋਂ 8000 ਹਜ਼ਾਰ ਪ੍ਰਤੀ ਕਇੰਟਲ ਮਿਲ ਰਹੀ ਹੈ। ਇੰਡੀਅਨ ਕਾਟਨ ਐਸੋਸੀਏਸ਼ਨ ਦੇ ਸਕੱਤਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਨਰਮੇ ਦੀ ਸਪਲਾਈ ਘੱਟ ਹੋਣ ਕਾਰਨ ਨਰਮੇ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਮਾਹਿਰਾਂ ਨੇ ਦਾਅਵਾ ਕੀਤਾ ਕਿ ਨਰਮੇ ਦੇ ਭਾਅ ਅੰਤਰਰਾਸ਼ਟਰੀ ਪੱਧਰ ’ਤੇ ਵਧੇ ਹਨ, ਜਿਸ ਕਾਰਨ ਵਪਾਰੀ ਮਹਿੰਗੇ ਭਾਅ ’ਤੇ ਖਰੀਦ ਕੇ ਨਰਮਾ ਸਟਾਕ ਕਰ ਰਹੇ ਹਨ ਤਾਂ ਜੋ ਹੋਰ ਲਾਭ ਪ੍ਰਾਪਤ ਕੀਤਾ ਜਾ ਸਕੇ। ਖੇਤੀ ਮਾਹਿਰ ਡਾ. ਪਰਮਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਨਰਮੇ ਦੇ ਭਾਅ ਵਧਣ ਪਿੱਛੇ ਕਾਰਨ ਅੰਤਰਰਾਸਟਰੀ ਮਾਰਕੀਟ ਵਿੱਚ ਨਰਮੇ ਦੇ ਭਾਅ ਵਿੱਚ ਉਛਾਲ ਆਉਣਾ ਹੈ ਅਤੇ ਕੋਵਿਡ 19 ਕਾਰਨ ਬੰਦ ਪਏ ਟੈਕਸਟਾਇਲ ਉਦਯੋਗ ਦੁਬਾਰਾ ਖੁੱਲ੍ਹ ਗਏ ਹਨ।