ਪੱਤਰ ਪ੍ਰੇਰਕ
ਗੁਰਦਾਸਪੁਰ, 15 ਮਾਰਚ
ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ’ਚ ਬੱਚਿਆਂ ਨੂੰ ਮਿਲਦੇ ਖਾਣੇ ਦੀ ਗੁਣਵੱਤਾ ਅਤੇ ਰਾਸ਼ਨ ਡਿਪੂਆਂ ਉੱਤੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਂਦੇ ਰਾਸ਼ਨ ਦੀ ਵੰਡ ਸਬੰਧੀ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਵਲੋਂ ਪੰਚਾਇਤ ਭਵਨ ਵਿੱਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਗਠਿਤ ਕੀਤੇ ਗਏ ਕਮਿਸ਼ਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਾਂ ਦੀ ਸਹੂਲਤ ਲਈ ਸ਼ਿਕਾਇਤ ਨੰਬਰਾਂ ਦੇ ਬੈਨਰ ਵੱਧ ਤੋਂ ਵੱਧ ਸਕੂਲਾਂ, ਆਂਗਣਵਾੜੀ ਸੈਂਟਰਾਂ ਤੇ ਰਾਸ਼ਨ ਡਿਪੂਆਂ ’ਤੇ ਡਿਸਪਲੇਅ ਕਰਨ ਤਾਂ ਜੋ ਲੋਕ ਆਪਣੀ ਮੁਸ਼ਕਿਲ ਦੱਸ ਸਕਣ। ਮੀਟਿੰਗ ਉਪਰੰਤ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ, ਵਿਜੇ ਦੱਤ ਵਲੋਂ ਡਾਕਖਾਨਾ ਚੌਕ ਗੁਰਦਾਸਪੁਰ ਨੇੜੇ ਦੋਵੇਂ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ ਤੇ ਬੱਚਿਆਂ ਲਈ ਤਿਆਰ ਕੀਤੇ ਖਾਣੇ ਨੂੰ ਖੁਦ ਖਾ ਕੇ ਚੈੱਕ ਕੀਤਾ। ਉਨ੍ਹਾਂ ਕਿਹਾ ਰਾਸ਼ਟਰੀ ਯੋਜਨਾ ਵਿਚ ਕੋਈ ਗੜਬੜੀ ਮਿਲਦੀ ਹੈ ਤਾਂ 0172-2791025 ਅਤੇ 98767-64545 ਉੱਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।