ਸੰਯੁਕਤ ਰਾਸ਼ਟਰ, 16 ਅਕਤੂਬਰ
ਸੰਯੁਕਤ ਰਾਸ਼ਟਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਜਲਦੀ ਹੀ ਇਹ ਐਲਾਨ ਕਰਨਗੇ ਕਿ ਸਾਰੀਆਂ ਅਫ਼ਗਾਨ ਲੜਕੀਆਂ ਨੂੰ ਸੈਕੰਡਰੀ ਸਕੂਲਾਂ ’ਚ ਪੜ੍ਹਨ ਦੀ ਇਜਾਜ਼ਤ ਹੋਵੇਗੀ। ਕਾਬੁਲ ਦੀ ਯਾਤਰਾ ’ਤੇ ਗਏ ਯੂਨੀਸੈੱਫ ਦੇ ਉੱਪ ਕਾਰਜਕਾਰੀ ਡਾਇਰੈਕਟਰ ਉਮਰ ਅਬਦੀ ਨੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਅਫ਼ਗਾਨਿਸਤਾਨ ਦੇ 34 ਸੂਬਿਆਂ ’ਚੋਂ ਪੰਜ ਸੂਬਿਆਂ ’ਚ ਪਹਿਲਾਂ ਹੀ ਲੜਕੀਆਂ ਨੂੰ ਸੈਕੰਡਰੀ ਸਕੂਲਾਂ ’ਚ ਪੜ੍ਹਨ ਦੀ ਇਜਾਜ਼ਤ ਹੈ। ਉਨ੍ਹਾਂ ਦੱਸਿਆ ਕਿ ਤਾਲਿਬਾਨ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸਾਰੀਆਂ ਲੜਕੀਆਂ ਨੂੰ ਛੇਵੀਂ ਤੋਂ ਅੱਗੇ ਆਪਣੀ ਸਕੂਲੀ ਸਿੱਖਿਆ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਰੂਪਰੇਖਾ ’ਤੇ ਕੰਮ ਕਰ ਰਹੇ ਹਨ।