ਨਵੀਂ ਦਿੱਲੀ, 16 ਅਕਤੂਬਰ
ਦਿੱਲੀ ਦੇ ਸਿੰਘੂ ਬਾਰਡਰ ’ਤੇ ਨੌਜਵਾਨ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗ ਸਿੰਘ ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨਾਂ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਮਾਮਲੇ ਵਿਚ ਹੁਣ ਤਕ ਚਾਰ ਨਿਹੰਗਾਂ ਵਲੋਂ ਆਤਮ ਸਮਰਪਣ ਕੀਤਾ ਗਿਆ ਹੈ। ਸਿੰਘੂ ਹੱਦ ’ਤੇ ਤਰਨ ਤਾਰਨ ਦੇ ਲਖਬੀਰ ਸਿੰਘ ਹੱਤਿਆ ਦੇ ਮਾਮਲੇੇ ਵਿਚ ਅੱਜ ਸ਼ਾਮ ਇਕ ਹੋਰ ਨਿਹੰਗ ਨਾਰਾਇਣ ਸਿੰਘ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਾਤ ਅੱਠ ਵਜੇ ਦੇ ਕਰੀਬ ਦੋ ਹੋਰ ਨਿਹੰਗਾਂ ਭਗਵੰਤ ਸਿੰਘ ਤੇ ਗੋਬਿੰਦ ਸਿੰਘ ਨੇ ਵੀ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਕਰਨ ਤੋਂ ਪਹਿਲਾਂ ਦੋਵਾਂ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਪੁਲੀਸ ਦੋਵਾਂ ਨੂੰ ਲੈ ਗਈ।
ਦੂਜੇ ਪਾਸੇ ਨਿਹੰਗ ਨਾਰਾਇਣ ਸਿੰਘ ਨੇ ਕਿਹਾ ਕਿ ਉਹ ਸਰਬਜੀਤ ਸਿੰਘ ਜਿੰਨਾ ਹੀ ਕਸੂਰਵਾਰ ਹੈ। ਨਿਹੰਗ ਨਾਰਾਇਣ ਸਿੰਘ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਦੇਵੀਦਾਸ ਪੁਰਾ ਗੁਰਦੁਆਰੇ ਦੇ ਬਾਹਰ ਹਿਰਾਸਤ ਵਿਚ ਲਿਆ ਗਿਆ। ਪੁਲੀਸ ਨੇ ਕਿਹਾ ਕਿ ਨਰਾਇਣ ਸਿੰਘ ਦੇ ਅੰਮ੍ਰਿਤਸਰ ਪੁੱਜਣ ਦੀ ਖਬਰ ਮਿਲਦੇ ਹੀ ਖੇਤਰ ਨੂੰ ਘੇਰ ਲਿਆ ਗਿਆ। ਪੁਲੀਸ ਨੇ ਨਰਾਇਣ ਸਿੰਘ ਨੂੰ ਗੁਰਦੁਆਰੇ ਤੋਂ ਬਾਹਰ ਆਉਂਦੇ ਹੀ ਗ੍ਰਿਫ਼ਤਾਰ ਕਰ ਲਿਆ। ਨਰਾਇਣ ਸਿੰਘ ਨੇ ਕਿਹਾ ਕਿ ਲਖਬੀਰ ਸਿੰਘ ਨੇ ਗੁਰੂ ਦੀ ਬੇਇੱਜ਼ਤੀ ਕੀਤੀ ਹੈ। ਇਸ ਮਾਮਲੇ ਵਿਚ ਸਰਬਜੀਤ ਸਿੰਘ ਨੇ ਪਹਿਲਾਂ ਹੀ ਆਤਮ ਸਮਰਪਣ ਕੀਤਾ ਹੋਇਆ ਹੈ। ਨਰਾਇਣ ਸਿੰਘ ਨੇ ਕਿਹਾ ਕਿ ਜੇ ਸਰਬਜੀਤ ਸਿੰਘ ਕਸੂਰਵਾਰ ਹੈ ਤਾਂ ਉਹ ਵੀ ਬਰਾਬਰ ਦਾ ਕਸੂਰਵਾਰ ਹੈ।