ਧੂਰੀ: ਥਾਣਾ ਸਦਰ ਧੂਰੀ ਦੀ ਪੁਲੀਸ ਨੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀਆਂ ਚੋਰੀਆਂ ਕੀਤੀਆਂ ਤਾਰਾਂ ਅਤੇ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤੇ ਹੋਏ ਕੋਆਇਲ ਕੱਢ ਕੇ ਕਬਾੜੀਆਂ ਨੂੰ ਵੇਚਣ ਵਾਲੇ ਇੱਕ ਗਰੋਹ ਦੇ ਦੋ ਮੈਂਬਰਾਂ ਅਤੇ ਇੱਕ ਕਬਾੜੀਏ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਚੌਕੀ ਭਲਵਾਨ ਦੇ ਸਹਾਇਕ ਥਾਣੇਦਾਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਆਸ਼ੂ ਵਾਸੀ ਅਮਰਗੜ੍ਹ ਨੇ ਕਬਾੜੀਆਂ ਨਾਲ ਰਲ ਕੇ ਇੱਕ ਗਰੋਹ ਬਣਾਇਆ ਹੋਇਆ ਸੀ ਅਤੇ ਇਹ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਤੇ ਟਰਾਂਸਫਾਰਮਰਾਂ ਦੀਆਂ ਕੋਆਇਲਾਂ ਕੱਢ ਕੇ ਕਬਾੜੀਏ ਪਾਸ ਵੇਚਦੇ ਸਨ ਅਤੇ ਕਬਾੜੀਏ ਉਹ ਸਾਰਾ ਮਾਲ ਸੰਦੀਪ ਕੁਮਾਰ ਵਿੱਕੀ ਨੂੰ ਵੇਚਦੇ ਸਨ। ਪੁਲੀਸ ਨੇ ਸੋਨੂੰ ਨਿੱਕਾ ਨਾਮੀਂ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਚੋਰੀ ਹੋਇਆ ਮਾਲ ਬਰਾਮਦ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਆਸ਼ੂ, ਸੰਦੀਪ ਕੁਮਾਰ ਵਿੱਕੀ ਅਤੇ ਸੋਨੂੰ ਨਿੱਕਾ ਖਿਲਾਫ਼ ਥਾਣਾ ਸਦਰ ਧੂਰੀ ਵਿੱਚ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ